ਜਲੰਧਰ : ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਸਬੰਧੀ ਅੱਜ ਤੋਂ ਲੈ ਕੇ 24 ਨਵੰਬਰ ਤੱਕ ਦੀ ਭਵਿੱਖਬਾਣੀ ਕੀਤੀ ਗਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਸ ਹਫ਼ਤੇ ਕੋਈ ਮੀਂਹ ਨਹੀਂ ਪਵੇਗਾ। ਮੌਸਮ ਵਿਭਾਗ ਨੇ ਸਪੱਸ਼ਟ ਤੌਰ 'ਤੇ ਸੰਕੇਤ ਦਿੱਤਾ ਹੈ ਕਿ ਸੂਬੇ ਵਿੱਚ ਕੋਈ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। 24 ਨਵੰਬਰ ਤੱਕ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਤਾਪਮਾਨ 24-26°C ਅਤੇ ਬਾਕੀ ਪੰਜਾਬ 'ਚ 26-28°C ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਕੁੱਲ੍ਹ ਮਿਲਾ ਕੇ ਵੱਧ ਤੋਂ ਵੱਧ ਤਾਪਮਾਨ ਆਮ ਦੇ ਨੇੜੇ ਰਹੇਗਾ।
ਉੱਤਰੀ ਅਤੇ ਦੱਖਣ-ਪੱਛਮੀ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ 6-8°C ਅਤੇ ਹੋਰ ਖੇਤਰਾਂ ਵਿੱਚ 8-10°C ਤੱਕ ਰਹਿਣ ਦੀ ਉਮੀਦ ਜਤਾਈ ਗਈ ਹੈ। ਜ਼ਿਆਦਾਤਰ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ ਆਮ ਤੋਂ ਘੱਟ ਰਹਿਣ ਦੀ ਉਮੀਦ ਹੈ, ਜਦਕਿ ਕੁਝ ਕੇਂਦਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਇਹ ਆਮ ਦੇ ਨੇੜੇ ਰਹਿਣ ਦੀ ਉਮੀਦ ਹੈ। ਹੁਣ ਠੰਡੀਆਂ ਹਵਾਵਾਂ ਮਹਿਸੂਸ ਹੋਣ ਲੱਗ ਪਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਠੰਡ ਹੋਰ ਜ਼ੋਰ ਫੜੇਗੀ ਅਤੇ ਸੰਘਣੀ ਧੁੰਦ ਵੀ ਵੇਖਣ ਨੂੰ ਮਿਲੇਗੀ।