ਫਾਜ਼ਿਲਕਾ : ਮਾਨਸਾ 'ਚ ਵਾਪਰੇ ਪਰਵਿੰਦਰ ਝੋਟਾ ਕਤਲਕਾਂਡ ਨੂੰ ਲੈ ਕੇ ਫਾਜ਼ਿਲਕਾ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਇਸ ਮਾਮਲੇ 'ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਫਲਾਈਓਵਰ ’ਤੇ ਜਾਮ ਲਗਾ ਕੇ ਆਪਣਾ ਵਿਰੋਧ ਦਰਜ ਕਰਵਾਇਆ ਗਿਆ। ਪ੍ਰਦਰਸ਼ਨਕਾਰੀਆਂ ਨੇ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਚੁੱਕੀ। ਬੰਦ ਦੇ ਸੱਦੇ ਦੌਰਾਨ ਵਪਾਰ ਮੰਡਲ ਦੇ ਸੱਦੇ 'ਤੇ ਸ਼ਹਿਰ ਦੀਆਂ ਦੁਕਾਨਾਂ ਸਵੇਰੇ 8 ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੀਆਂ।
ਨਸ਼ਿਆਂ ਖ਼ਿਲਾਫ਼ ਲੜਨ ਵਾਲੇ ਪਰਮਿੰਦਰ ਝੋਟੇ ਦੇ ਸ਼ਰੇਆਮ ਕੀਤੇ ਕਤਲ ਖਿਲਾਫ਼਼, ਦੋਸ਼ੀਆ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਪੁਲਸ, ਸਰਕਾਰ ਤੇ ਨਸ਼ਾ ਤਸਕਰਾਂ ਦੇ ਗੱਠਜੋੜ ਖ਼ਿਲਾਫ਼ ਪੰਜਾਬ ਬੰਦ ਦੇ ਸੱਦੇ ਨੂੰ ਲਾਗੂ ਕਰਦਿਆਂ ਫਾਜ਼ਿਲਕਾ ਦੀਆਂ ਜਨਤਕ ਤੇ ਜਮਹੂਰੀ ਜੱਥੇਬੰਦੀਆਂ ਵੱਲੋਂ ਫਾਜ਼ਿਲਕਾ ਦੇ ਫਲਾਈਓਵਰ 'ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਦੇ ਦਬਾਅ ਸਦਕਾ ਜਨਤਕ ਤੇ ਜਮਹੂਰੀ ਜੱਥੇਬੰਦੀਆਂ ਨੇ ਪੁਲਸ ਵੱਲੋ ਗ੍ਰਿਫ਼ਤਾਰ ਕੀਤੇ ਆਗੂਆ ਨੂੰ ਰਿਹਾਅ ਕਰਵਾਇਆ ਗਿਆ।