ਅੰਮ੍ਰਿਤਸਰ : ਪੰਜਾਬ ਨਸ਼ਿਆਂ ਦੇ ਮੁੱਦੇ ਬਾਰੇ ਗੱਲ ਕਰਦਿਆਂ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਪਹਿਲਾਂ ਹੀ ਇਸ ਸਮੱਸਿਆ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਗਏ ਹੁੰਦੇ ਤਾਂ ਅੱਜ ਨਸ਼ਿਆਂ ਦੀ ਸਮੱਸਿਆ ਇਸ ਹੱਦ ਤੱਕ ਨਾ ਫੈਲਦੀ। ਪਰਵਿੰਦਰ ਝੋਟੇ ਦੇ ਕਤਲ ਮਾਮਲੇ 'ਤੇ ਸਿੱਧੂ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਜਿਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਜਿਵੇਂ ਬਹੁਤ ਵੱਡੀ ਸਾਜ਼ਿਸ਼ ਚੱਲ ਰਹੀ ਹੋਵੇ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਜਾਂ ਸਿਆਸੀ ਪਾਰਟੀ ਨਸ਼ਿਆਂ ਨੂੰ ਉਤਸ਼ਾਹਿਤ ਕਰਦੀ ਹੈ, ਉਹ ਸਮਾਜ ਦੇ ਹਿੱਤਾਂ ਦੇ ਵਿਰੁੱਧ ਕੰਮ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਦਾ ਮੁੱਖ ਉਦੇਸ਼ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿਖਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਲੋਕਾਂ ਵਿਚਕਾਰ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ।
ਮੈਡਮ ਨਵਜੋਤ ਕੌਰ ਸਿੱਧੂ ਪਤੀ ਨਵਜੋਤ ਸਿੰਘ ਸਿੱਧੂ ਦੇ ਜਨਮਦਿਨ ਮੌਕੇ ਅੰਮ੍ਰਿਤਸਰ ਦੇ ਚਮਰੰਗ ਰੋਡ ਸਥਿਤ ਝੁੱਗੀ-ਝੌਂਪੜੀਆਂ ਵਾਲੇ ਇਲਾਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਜਿੱਥੇ ਉਨ੍ਹਾਂ ਨੇ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਵੰਡ ਕੇ ਜਨਮਦਿਨ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਜਦੋਂ ਡਾ. ਨਵਜੋਤ ਕੌਰ ਸਿੱਧੂ ਨੂੰ ਉਨ੍ਹਾਂ ਦੀ ਸਿਆਸੀ ਸਰਗਰਮੀ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਕਿਸੇ ਵੀ ਅਹੁਦੇ, ਵਿਧਾਇਕ, ਸੰਸਦ ਮੈਂਬਰ ਜਾਂ ਮੁੱਖ ਮੰਤਰੀ ਬਣਨ ਦੀ ਕੋਈ ਲਾਲਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਸੇਵਕ ਵਜੋਂ ਕੰਮ ਕਰਨਾ ਚਾਹੁੰਦੇ ਹਨ। ਡਾ. ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਪੂਰਬੀ ਹਲਕੇ ਦੇ ਹਰ ਪਰਿਵਾਰ ਅਤੇ ਬੱਚੇ ਨਾਲ ਉਨ੍ਹਾਂ ਦਾ ਭਾਵਨਾਤਮਕ ਅਤੇ ਪਰਿਵਾਰਕ ਰਿਸ਼ਤਾ ਹੈ। ਉਹ ਸਿਆਸਤ ਤੋਂ ਉੱਪਰ ਉੱਠ ਕੇ ਲੋਕਾਂ ਦੇ ਦੁੱਖ-ਸੁੱਖ ਵਿਚ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਹ ਚੱਲਦੇ ਹਨ, ਉਹ ਇਲਾਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਗੱਲਬਾਤ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਗੰਭੀਰਤਾ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਪ੍ਰਭਾਵਿਤ ਲੋਕਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਢੁੱਕਵੀਂ ਸੁਰੱਖਿਆ ਅਤੇ ਇਨਸਾਫ਼ ਮਿਲਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਸੁਰੱਖਿਆ ਦੀ ਭਾਵਨਾ ਬਣੀ ਰਹੇ। ਇਸ ਦੌਰਾਨ ਜਦੋਂ ਨਵਜੋਤ ਕੌਰ ਸਿੱਧੂ ਤੋਂ ਨਵਜੋਤ ਸਿੱਧੂ ਦੇ ਸਰਗਰਮ ਸਿਆਸਤ ਵਿਚ ਆਉਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾ ਕਿਹਾ ਕਿ ਇਸ ਦਾ ਜਵਾਬ ਨਵਜੋਤ ਸਿੱਧੂ ਹੀ ਦੇ ਸਕਦੇ ਹਨ।
ਕੀ ਕਿਹਾ ਰਾਬੀਆ ਸਿੱਧੂ ਨੇ
ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਸਿੱਧੂ ਵੀ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਲੋਕਾਂ ਵਿਚਕਾਰ ਪਹੁੰਚੀ ਅਤੇ ਆਪਣੇ ਪਿਤਾ ਦਾ ਜਨਮਦਿਨ ਮਨਾਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਬੀਆ ਨੇ ਦੱਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਪਰਿਵਾਰ ਨਾਲ ਹਲਕੇ ਦੇ ਲੋਕਾਂ ਵਿਚਕਾਰ ਆ ਕੇ ਜਨਮਦਿਨ ਮਨਾ ਰਹੇ ਹਨ, ਕਿਉਂਕਿ ਉਨ੍ਹਾਂ ਦੇ ਪਿਤਾ ਦੀ ਵੀ ਇਹੀ ਇੱਛਾ ਸੀ ਕਿ ਉਹ ਆਪਣਾ ਜਨਮਦਿਨ ਆਪਣੇ ਲੋਕਾਂ ਨਾਲ ਹੀ ਮਨਾਉਣ। ਨਵਜੋਤ ਸਿੰਘ ਸਿੱਧੂ ਦੀ ਸਿਆਸਤ ਵਿਚ ਵਾਪਸੀ ਅਤੇ ਇਸ ਲਈ ਢੁੱਕਵੇਂ ਸਮੇਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਰਾਬੀਆ ਨੇ ਕਿਹਾ ਕਿ ਇਹ ਸਿਰਫ਼ ਸਹੀ ਜਾਂ ਗ਼ਲਤ ਸਮੇਂ ਦੀ ਗੱਲ ਨਹੀਂ, ਸਗੋਂ ਵਿਅਕਤੀ ਦੀ ਸੋਚ ਅਤੇ ਦ੍ਰਿਸ਼ਟੀਕੋਣ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਹਮੇਸ਼ਾ ਇੱਕੋ ਉਦੇਸ਼ ਰਿਹਾ ਹੈ ਲੋਕਾਂ ਦੀ ਭਲਾਈ ਕਰਨਾ ਅਤੇ ਸਮਾਜ ਦੀ ਸੇਵਾ ਕਰਨਾ। ਉਹ ਜਿਸ ਵੀ ਰਸਤੇ ਜਾਂ ਮਾਧਿਅਮ ਰਾਹੀਂ ਲੋਕਾਂ ਦੀ ਮਦਦ ਕਰ ਸਕਦੇ ਹਨ, ਉਸ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ। ਰਾਬੀਆ ਨੇ ਕਿਹਾ ਕਿ ਦੇਸ਼ ਅਤੇ ਸੂਬੇ ਦੀ ਸਿਆਸਤ ਵਿਚ ਇਮਾਨਦਾਰ ਲੋਕਾਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਰਾਬੀਆ ਨੇ ਕਿਹਾ ਕਿ ਅੱਜ ਦੀ ਜਨਤਾ ਸਮਝਦਾਰ ਹੈ ਅਤੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੌਣ ਸਹੀ ਹੈ, ਕੌਣ ਗ਼ਲਤ ਹੈ। ਇਸ ਦੌਰਾਨ ਜਦੋਂ ਰਾਬੀਆ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੇ ਪਿਤਾ ਨੂੰ ਪੰਜਾਬ ਦੀ ਕਮਾਨ ਸੰਭਾਲਦਿਆਂ ਅਤੇ ਸਰਗਰਮ ਸਿਆਸਤ ਵਿਚ ਦੇਖਣਾ ਚਾਹੁੰਦੀ ਹੈ ਤਾਂ ਉਨ੍ਹਾਂ ਮੁਸਕਰਾਉਂਦਿਆਂ ਕਿਹਾ ਕਿ ਨਿੱਜੀ ਤੌਰ ’ਤੇ ਉਹ ਯਕੀਨੀ ਤੌਰ ’ਤੇ ਆਪਣੇ ਪਿਤਾ ਨੂੰ ਇਸ ਭੂਮਿਕਾ ਵਿਚ ਦੇਖਣਾ ਚਾਹੁੰਦੀ ਹੈ ਪਰ ਇਸ ਬਾਰੇ ਅੰਤਿਮ ਫ਼ੈਸਲਾ ਉਨ੍ਹਾਂ ਦੇ ਪਿਤਾ ਨਵਜੋਤ ਸਿੰਘ ਸਿੱਧੂ ਨੇ ਹੀ ਕਰਨਾ ਹੈ।