ਮਾਨਸਾ : ਪਰਵਿੰਦਰ ਸਿੰਘ ਝੋਟਾ ਕਤਲ ਕੇਸ ਵਿਚ ਪੁਲਸ ਨੇ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। ਮਾਨਸਾ ਪੁਲਸ ਨੇ ਕਾਤਲ ਮੈਡੀਕਲ ਸਟੋਰ ਮਾਲਕ ਨੂੰ ਫਰਾਰ ਕਰਨ ਵਿਚ ਮਦਦ ਕਰਨ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਨੇ ਦੱਸਿਆ ਕਿ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਕਤਲ ਤੋਂ ਬਾਅਦ ਮੁੱਖ ਮੁਲਜ਼ਮ ਅਸ਼ਵਨੀ ਨੂੰ ਫਰਾਰ ਹੋਣ ਵਿਚ ਮਦਦ ਕੀਤੀ ਸੀ। ਡੀ.ਆਈ.ਜੀ. ਮੁਤਾਬਕ ਪੁਲਸ ਨੂੰ ਮੰਗਲਵਾਰ ਸਵੇਰੇ 10.30 ਵਜੇ ਦੇ ਕਰੀਬ ਘਟਨਾ ਦੀ ਸੂਚਨਾ ਮਿਲੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਅਜਿਹਾ ਲੱਗਦਾ ਹੈ ਕਿ ਕਤਲ ਵਿਚ ਲਾਇਸੰਸੀ ਹਥਿਆਰ ਦੀ ਵਰਤੋਂ ਕੀਤੀ ਗਈ ਸੀ।
ਡੀ.ਆਈ.ਜੀ. ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਭਾਲ ਵਿਚ ਕਈ ਟੀਮਾਂ ਦਾ ਗਠਨ ਕੀਤਾ। ਤਫਤੀਸ਼ ਦੇ ਹਿੱਸੇ ਵਜੋਂ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਅਤੇ ਮੁਲਜ਼ਮਾਂ ਵਿਚਕਾਰ ਪੁਰਾਣੀ ਰੰਜਿਸ਼ ਸੀ। ਉਨ੍ਹਾਂ ਦੱਸਿਆ ਕਿ 2023 ਦੀ ਇਕ ਘਟਨਾ ਦੌਰਾਨ ਵੀ ਉਨ੍ਹਾਂ ਵਿਚਕਾਰ ਨਿੱਜੀ ਦੁਸ਼ਮਣੀ ਸਾਹਮਣੇ ਆਈ ਸੀ ਹਾਲਾਂਕਿ ਪੁਲਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਵਾਰਦਾਤ ਮਗਰੋਂ ਦੁਪਹਿਰ ਸਮੇਂ ਕੁਝ ਨਿਹੰਗ ਸਿੰਘਾਂ ਸਮੇਤ ਵੱਡੀ ਗਿਣਤੀ ਪ੍ਰਦਰਸ਼ਨਕਾਰੀਆਂ ਨੇ ਮੁਲਜ਼ਮ ਦੇ ਮੈਡੀਕਲ ਦੀ ਦੁਕਾਨ ਦੀ ਜੰਮ ਕੇ ਭੰਨਤੋੜ ਕੀਤੀ। ਇਸ ਦੌਰਾਨ ਪੁਲਸ ਵੀ ਮੌਕੇ 'ਤੇ ਮੌਜੂਦ ਰਹੀ ਪਰ ਪ੍ਰਦਰਸ਼ਨਾਰੀਆਂ ਅੱਗੇ ਪੁਲਸ ਦੀ ਪੇਸ਼ ਨਹੀਂ ਚੱਲੀ।