ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਵਿੱਚ ਬੁੱਧਵਾਰ ਸਵੇਰੇ ਇੱਕ ਹੋਟਲ ਵਿੱਚ ਵਾਪਰੇ ਭਿਆਨਕ ਅੱਗ ਦੇ ਹਾਦਸੇ ਵਿੱਚ 21 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ 17 ਵਿਦੇਸ਼ੀ ਨਾਗਰਿਕ ਸ਼ਾਮਲ ਹਨ, ਜੋ ਮੁੱਖ ਤੌਰ 'ਤੇ ਲਾਇਬੇਰੀਆ, ਨਾਈਜੀਰੀਆ, ਮੋਜ਼ੰਬੀਕ ਅਤੇ ਬੰਗਲਾਦੇਸ਼ ਦੇ ਰਹਿਣ ਵਾਲੇ ਸਨ।
ਜਾਣਕਾਰੀ ਅਨੁਸਾਰ ਮਾਲਵੀਆ ਨਗਰ ਸਥਿਤ 'ਫਲੋਰਿਸ਼ ਸਟੇਅ ਬੀ.ਐਂਡ.ਬੀ.' ਹੋਟਲ ਵਿੱਚ ਸਵੇਰੇ ਲਗਭਗ 8:48 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਦਿੱਲੀ ਫਾਇਰ ਸਰਵਿਸ ਨੇ ਮੌਕੇ 'ਤੇ ਪਹੁੰਚ ਕੇ 39 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਬਚਾਅ ਕਾਰਜਾਂ ਦੌਰਾਨ ਦਿੱਲੀ ਪੁਲਸ ਦੇ 10 ਮੁਲਾਜ਼ਮਾਂ ਦੀ ਸਿਹਤ ਵੀ ਵਿਗੜ ਗਈ, ਜਿਨ੍ਹਾਂ ਨੂੰ ਏਮਜ਼ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ।
ਮੈਕਸ ਹੈਲਥਕੇਅਰ ਗਰੁੱਪ ਦੇ ਮੈਡੀਕਲ ਡਾਇਰੈਕਟਰ ਡਾਕਟਰ ਸੰਦੀਪ ਬੁਧੀਰਾਜਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਗ ਕਾਰਨ ਜ਼ਖਮੀ ਹੋਏ 8 ਮਰੀਜ਼ ਵੈਂਟੀਲੇਟਰ 'ਤੇ ਹਨ ਅਤੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮੌਤਾਂ ਅਤੇ ਸੱਟਾਂ ਧੂੰਏਂ ਕਾਰਨ ਦਮ ਘੁੱਟਣ ਕਰਕੇ ਹੋਈਆਂ ਹਨ। ਅੱਗ ਤੋਂ ਬਚਣ ਲਈ ਕਈ ਮਰੀਜ਼ਾਂ ਨੇ ਉਪਰਲੀਆਂ ਮੰਜ਼ਿਲਾਂ ਤੋਂ ਛਾਲਾਂ ਮਾਰ ਦਿੱਤੀਆਂ, ਜਿਸ ਕਾਰਨ ਉਨ੍ਹਾਂ ਦੀਆਂ ਹੱਡੀਆਂ ਟੁੱਟ ਗਈਆਂ ਅਤੇ ਕੁਝ ਦੀ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਹਨ।
ਫਾਇਰ ਵਿਭਾਗ ਦੀ ਮੁੱਢਲੀ ਜਾਂਚ ਵਿੱਚ ਇਮਾਰਤ ਦੇ ਢਾਂਚੇ ਅਤੇ ਅੱਗ ਸੁਰੱਖਿਆ ਪ੍ਰਬੰਧਾਂ ਵਿੱਚ ਵੱਡੀਆਂ ਖਾਮੀਆਂ ਪਾਈਆਂ ਗਈਆਂ ਹਨ। ਮੁੱਖ ਫਾਇਰ ਅਧਿਕਾਰੀ ਅਭਿਲਾਸ਼ ਕੁਮਾਰ ਮਲਿਕ ਨੇ ਦੱਸਿਆ ਕਿ ਪੰਜ ਮੰਜ਼ਿਲਾ ਇਮਾਰਤ ਵਿੱਚ ਸਿਰਫ਼ ਇੱਕ ਹੀ ਪੌੜੀ ਸੀ ਅਤੇ ਵੈਂਟੀਲੇਸ਼ਨ ਜਾਂ ਧੂੰਆਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ। ਇਮਾਰਤ ਇੱਕ 'ਚਿਮਨੀ' ਵਾਂਗ ਬਣੀ ਹੋਈ ਹੈ, ਜਿਸ ਕਾਰਨ ਧੂੰਆਂ ਅਤੇ ਤੇਜ਼ ਗਰਮੀ ਬਹੁਤ ਤੇਜ਼ੀ ਨਾਲ ਉਪਰਲੀਆਂ ਮੰਜ਼ਿਲਾਂ ਤੱਕ ਫੈਲ ਗਈ ਅਤੇ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਹੋਟਲ ਵਿੱਚ ਕੋਈ ਅੰਦਰੂਨੀ ਅੱਗ ਸੁਰੱਖਿਆ ਪ੍ਰਣਾਲੀ ਵੀ ਮੌਜੂਦ ਨਹੀਂ ਸੀ।
ਹੋਟਲ ਮਾਲਕ ਵਿਰੁੱਧ FIR ਦਰਜ
ਦਿੱਲੀ ਪੁਲਸ ਨੇ ਹੋਟਲ ਮਾਲਕ ਲੋਕੇਸ਼ ਬਜਾਜ ਅਤੇ ਉਸਦੇ ਸਾਥੀਆਂ ਵਿਰੁੱਧ ਗੈਰ-ਇਰਾਦਤਨ ਕਤਲ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪ੍ਰਧਾਨ ਮੰਤਰੀ ਵੱਲੋਂ ਪੀੜਤਾਂ ਲਈ ਰਾਹਤ ਸਹਾਇਤਾ ਦਾ ਐਲਾਨ ਕੀਤਾ ਗਿਆ ਹੈ। ਐਮ.ਸੀ.ਡੀ. ਮੇਅਰ ਪ੍ਰਵੇਸ਼ ਵਾਹੀ ਨੇ ਕਿਹਾ ਕਿ ਅਜਿਹੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੂਰੇ ਇਲਾਕੇ ਵਿੱਚ ਸੁਰੱਖਿਆ ਨਿਯਮਾਂ ਦੀ ਸਖ਼ਤ ਜਾਂਚ ਦੇ ਹੁਕਮ ਦਿੱਤੇ ਗਏ ਹਨ।