ਨਵਾਂ ਸ਼ਹਿਰ (ਜਸਵਿੰਦਰ ਬੈਂਸ) : ਜਨਗਣਨਾ-2027 ਦੇ ਦੂਜੇ ਪੜਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਪ੍ਰਚਾਰ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਅੱਜ ਡਿਜੀਟਲ ਐਲ.ਈ.ਡੀ. ਵੈਨ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਡਿਪਟੀ ਕਮਿਸ਼ਨਰ ਸ੍ਰੀ ਗੁਲਪ੍ਰੀਤ ਸਿੰਘ ਔਲਖ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਵੈਨ ਅਗਲੇ 10 ਦਿਨਾਂ ਦੌਰਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਜਨਗਣਨਾ ਸਬੰਧੀ ਲੋਕਾਂ ਨੂੰ ਜਾਗਰੂਕ ਕਰੇਗੀ। ਉਨ੍ਹਾਂ ਕਿਹਾ ਕਿ ਵੈਨ ਰਾਹੀਂ 16 ਨਵੰਬਰ ਤੋਂ 30 ਨਵੰਬਰ 2026 ਤੱਕ ਹੋਣ ਵਾਲੀ ਸਵੈ-ਗਣਨਾ ਅਤੇ 1 ਦਸੰਬਰ 2026 ਤੋਂ ਸ਼ੁਰੂ ਹੋਣ ਵਾਲੀ ਜਨਗਣਨਾ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਵੈਨ ਉੱਤੇ ਜਨਗਣਨਾ ਨਾਲ ਸਬੰਧਤ ਵੱਖ-ਵੱਖ ਜਾਗਰੂਕਤਾ ਸੰਦੇਸ਼ ਪ੍ਰਦਰਸ਼ਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਊ.ਆਰ. ਕੋਡ ਵੀ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਨਾਗਰਿਕ ਸਿੱਧੇ ਅਧਿਕਾਰਤ ਨੈਸ਼ਨਲ ਸੈਂਸਸ ਪੋਰਟਲ ਨਾਲ ਜੁੜ ਕੇ ਆਪਣੀ ਜਾਣਕਾਰੀ ਖੁਦ ਦਰਜ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨਗਣਨਾ-2027 ਦੋ ਪੜਾਵਾਂ ਵਿੱਚ ਕਰਵਾਈ ਜਾ ਰਹੀ ਹੈ ਅਤੇ ਪਹਿਲਾ ਪੜਾਅ ਮਕਾਨਾਂ ਦੀ ਸੂਚੀਬੱਧਤਾ ਅਤੇ ਰਿਹਾਇਸ਼ੀ ਜਨਗਣਨਾ ਦਾ ਮੁਕੰਮਲ ਹੋ ਚੁੱਕਾ ਹੈ। ਪੰਜਾਬ ਵਿੱਚ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ, ਜਦਕਿ ਇਸ ਦੀ ਰੈਫਰੈਂਸ ਮਿਤੀ 5 ਜਨਵਰੀ 2027 ਰਾਤ 12 ਵਜੇ ਹੋਵੇਗੀ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 16 ਤੋਂ 30 ਨਵੰਬਰ ਤੱਕ
se.census.gov.in ਪੋਰਟਲ 'ਤੇ ਲਾਗਇਨ ਕਰਕੇ 40 ਸਵਾਲਾਂ ਦੇ ਜਵਾਬਾਂ ਰਾਹੀਂ ਆਪਣੀ ਸਵੈ-ਗਣਨਾ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਸਵੈ-ਗਣਨਾ ਪੋਰਟਲ 30 ਨਵੰਬਰ ਨੂੰ ਬੰਦ ਹੋ ਜਾਵੇਗਾ, ਇਸ ਲਈ ਨਾਗਰਿਕ ਨਿਰਧਾਰਤ ਸਮੇਂ ਅੰਦਰ ਇਸ ਸਹੂਲਤ ਦਾ ਲਾਭ ਉਠਾਉਣ ਅਤੇ ਜਨਗਣਨਾ ਦੇ ਰਾਸ਼ਟਰੀ ਮਹੱਤਵਪੂਰਨ ਕਾਰਜ ਵਿੱਚ ਆਪਣਾ ਸਹਿਯੋਗ ਦੇਣ।