ਕਰਨਾਲ : ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਅੱਤਵਾਦੀਆਂ ਦੇ ਹਮਲੇ 'ਚ ਜਾਨ ਗੁਆਉਣ ਵਾਲੇ ਜਲ ਸੈਨਾ ਲੈਫਟੀਨੈਂਟ ਵਿਨੇ ਨਰਵਾਲ ਦਾ ਬੁੱਧਵਾਰ ਨੂੰ ਕਰਨਾਲ ਦੀ ਮਾਡਲ ਟਾਊਨ ਸ਼ਿਵਪੁਰੀ ਵਿਚ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਪਹੁੰਚੇ ਅਤੇ ਵਿਨੇ ਨਰਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਲੈਫਟੀਨੈਂਟ ਵਿਨੇ ਦੇ ਪਰਿਵਾਰ ਨਾਲ ਹਰਿਆਣਾ ਸਰਕਾਰ ਖੜ੍ਹੀ ਹੈ। ਹਮਲਾ ਕਰਨ ਵਾਲੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਸੈਣੀ ਸਾਹਮਣੇ ਫੁਟ-ਫੁਟ ਕੇ ਰੋਈ ਭੈਣ
ਮੁੱਖ ਮੰਤਰੀ ਸੈਣੀ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਤਾਂ ਭੈਣ ਸ਼੍ਰਿਸ਼ਟੀ ਫੁਟ-ਫੁਟ ਕੇ ਰੋਣ ਲੱਗੀ। ਉਸ ਨੇ ਕਿਹਾ ਕਿ ਕੋਈ ਨਹੀਂ ਆਇਆ ਉੱਥੇ, ਉਹ ਜ਼ਿੰਦਾ ਸੀ। ਜੇਕਰ ਆਰਮੀ ਹੁੰਦੀ ਤਾਂ ਉਹ ਬਚ ਸਕਦਾ ਸੀ, ਕੋਈ ਵੀ ਨਹੀਂ ਆਇਆ। ਭੈਣ ਨੇ ਮੁੱਖ ਮੰਤਰੀ ਦੇ ਸਾਹਮਣੇ ਰੋਂਦੇ ਹੋਏ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਉਹ ਅੱਤਵਾਦੀ ਜ਼ਿੰਦਾ ਨਾ ਰਹੇ, ਜਿਸ ਨੇ ਮੇਰੇ ਭਰਾ ਨੂੰ ਮਾਰਿਆ, ਮੈਨੂੰ ਉਸ ਦਾ ਸਿਰ ਚਾਹੀਦਾ ਹੈ। ਇਸ 'ਤੇ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਹ ਮਰੇਗਾ ਜਿਸ ਨੇ ਮਾਰਿਆ, ਨਿਆਂ ਜ਼ਰੂਰ ਮਿਲੇਗਾ।
ਇਹ ਕਾਇਰਤਾਪੂਰਨ ਹਮਲਾ: CM ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਵਿਨੇ ਨਰਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਕਾਇਰਤਾਪੂਰਨ ਹਮਲਾ ਹੈ, ਜਿਸ ਨੇ ਮਨੁੱਖਤਾ ਨੂੰ ਨੁਕਸਾਨ ਪਹੁੰਚਾਇਆ। ਜਿਨ੍ਹਾਂ ਨੇ ਇਹ ਹਮਲਾ ਕੀਤਾ ਹੈ, ਉਹ ਬਚਣਗੇ ਨਹੀਂ, ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤਾਂ ਕਿ ਅਜਿਹੇ ਲੋਕ ਇਸ ਤਰ੍ਹਾਂ ਦੇ ਕੰਮ ਕਰਨ ਦਾ ਸਾਹਸ ਨਾ ਜੁਟਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਵਿਨੇ ਨਰਵਾਲ ਬਹਾਦਰ ਜਵਾਨ ਸਨ। ਪਰਮਾਤਮ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।
16 ਅਪ੍ਰੈਲ ਨੂੰ ਹੋਇਆ ਸੀ ਦੋਹਾਂ ਦਾ ਵਿਆਹ
ਦੱਸ ਦੇਈਏ ਕਿ ਪਹਿਲਗਾਮ ਦੇ ਬੈਸਰਨ ਵਿਚ ਅੱਤਵਾਦੀਆਂ ਨੇ ਮੰਗਲਵਾਰ ਨੂੰ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ, ਜਿਸ ਵਿਚ 28 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾ ਵਿਚ ਹਰਿਆਣਾ ਦੇ ਕਰਨਾਲ ਵਾਸੀ 26 ਸਾਲਾ ਵਿਨੇ ਨਰਵਾਲ ਵੀ ਸ਼ਾਮਲ ਹੈ, ਜੋ ਆਪਣੀ ਪਤਨੀ ਨਾਲ ਪਹਿਲਗਾਮ ਵਿਚ ਛੁੱਟੀਆਂ ਮਨਾਉਣ ਗਏ ਸਨ। ਵਿਨੇ ਅਤੇ ਨਰਵਾਲ ਦਾ 16 ਅਪ੍ਰੈਲ ਨੂੰ ਵਿਆਹ ਹੋਇਆ ਸੀ। ਨਰਵਾਲ ਦੀ ਮ੍ਰਿਤਕ ਦੇਹ ਨੂੰ ਹਰਿਆਣਾ ਦੇ ਕਰਨਾਲ ਲਿਜਾਇਆ ਜਾਵੇਗਾ।