ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਫੋਨ 'ਤੇ ਗੱਲ ਕਰਕੇ ਸੂਬੇਦੇ ਕੁਝ ਹਿੱਸਿਆਂ 'ਚ ਪੈਦਾ ਹੜ੍ਹ ਦੀ ਸਥਿਤੀ ਦੀ ਜਾਣਕਾਰੀ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ,''ਸ਼ਾਹ ਨੇ ਰਾਜ 'ਚ ਹੜ੍ਹ ਕਾਰਨ ਹੋਏ ਕਿਸੇ ਤਰ੍ਹਾਂ ਦੇ ਸੰਭਾਵਿਤ ਨੁਕਸਾਨ ਬਾਰੇ ਜਾਣਕਾਰੀ ਲਈ ਅਤੇ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਆਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏਐੱਸਡੀਐੱਮਏ) ਅਨੁਸਾਰ, ਧੇਮਾਜੀ ਜ਼ਿਲ੍ਹੇ ਦੇ ਚਾਰ ਮਾਲੀਆ ਸਰਕਲ ਦੇ 69 ਪਿੰਡਾਂ 'ਚ ਲਗਭਗ 16,000 ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਮੁੱਖ ਮੰਤਰੀ ਸਰਮਾ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ ਸੀ,''ਧੇਮਾਜੀ 'ਚ ਹੜ੍ਹ ਦੀ ਸਥਿਤੀ ਬਣਨ ਦੇ ਬਾਅਦ ਤੋਂ ਮੈਂ ਹਾਲਾਤ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹਾਂ। ਸਾਡੇ ਲੋਕਾਂ ਦੇ ਜੀਵਨ 'ਤੇ ਇਸ ਦੇ ਪ੍ਰਭਾਵ ਤੋਂ ਅਸੀਂ ਬੇਹੱਦ ਦੁਖੀ ਹਾਂ। ਇਸ ਕਠਿਨ ਸਮੇਂ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ।'' ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੀ ਤੁਰੰਤ ਸੁਰੱਖਿਆ ਯਕੀਨੀ ਕਰਨ ਅਤੇ ਉਨ੍ਹਾਂ ਦੀ ਲੰਬੇ ਸਮੇਂ ਦੇ ਮੁੜ ਵਸੇਬੇ ਨੂੰ ਪਹਿਲ ਦੇਣ ਲਈ ਆਪਣੇ ਸਾਰੇ ਸਰੋਤ ਜੁਟਾ ਰਹੀ ਹੈ।
ਸਰਮਾ ਨੇ ਕਿਹਾ,''ਅਸੀਂ ਆਪਣੇ ਲੋਕਾਂ 'ਤੇ ਇਸ ਹੜ੍ਹ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੇ ਹਾਂ।'' ਇਸ ਤੋਂ ਪਹਿਲਾਂ, ਪੂਰਬ-ਉੱਤਰ ਸਰਹੱਦੀ ਰੇਲਵੇ (ਐੱਨਐੱਫਆਰ) ਦੇ ਇਕ ਬੁਲਾਰੇ ਨੇ ਦੱਸਿਆ ਸੀ ਕਿ ਹੜ੍ਹ ਨਾਲ ਇਕ ਪੁਲ ਪ੍ਰਭਾਵਿਤ ਹੋਣ ਕਾਰਨ ਧੇਮਾਜੀ ਜ਼ਿਲ੍ਹੇ ਦੇ ਆਰਚਿਪਥਾਰ ਅਤੇ ਸਿਮੇਨ ਚਾਪਰੀ ਰੇਲ ਸੈਕਸ਼ਨ 'ਤੇ ਰੇਲ ਸੰਚਾਲਨ ਮੁਲਤਵੀ ਕਰ ਦਿੱਤਾ ਗਿਆ ਹੈ। ਐੱਨਐੱਫਆਰ ਨੇ ਐਤਵਾਰ ਨੂੰ ਜਾਰੀ ਬਿਆਨ 'ਚ ਕਿਹਾ,''ਕੇਐੱਮ 408/11-13 'ਤੇ ਸਥਿਤ ਇਹ ਪੁਲ 1965 'ਚ ਬਣਾਇਆ ਗਿਆ ਸੀ ਅਤੇ ਬਾਅਦ 'ਚ ਇਸ ਨੂੰ ਵੱਡੀ ਲਾਈਨ 'ਚ ਬਦਲ ਦਿੱਤਾ ਗਿਆ ਸੀ। ਪੁਲ ਸੁਰੱਖਿਅਤ ਸਥਿਤੀ 'ਚ ਸੀ ਪਰ ਭਾਰੀ ਮੀਂਹ ਦੌਰਾਨ ਨਦੀ ਦੇ ਕਿਨਾਰੇ ਦਾ ਵੱਡਾ ਹਿੱਸਾ ਵਹਿ ਜਾਣ ਕਾਰਨ ਇਸ ਦਾ ਇਕ ਪਿਲਰ ਅਸਥਿਰ ਹੋ ਗਿਆ।''