ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਨਿੱਜੀ ਤੌਰ 'ਤੇ ਫ਼ੋਨ ਕਰਕੇ ਸੁਖਬੀਰ ਸਿੰਘ ਬਾਦਲ ਦੀ ਸਿਹਤ ਬਾਰੇ ਪੁੱਛਿਆ। ਹਰਸਿਮਰਤ ਕੌਰ ਬਾਦਲ ਨੇ ਇਸ ਮੁਸ਼ਕਲ ਸਮੇਂ ਵਿੱਚ ਨਿੱਜੀ ਚਿੰਤਾ ਦਿਖਾਉਣ ਲਈ ਗ੍ਰਹਿ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ 'ਤੇ ਮਹਾਰਾਸ਼ਟਰ ਵਿੱਚ ਇੱਕ ਗੁਰੂ ਘਰ ਦੇ ਅੰਦਰ ਹਮਲਾ ਹੋਇਆ ਸੀ। ਇਸ ਦਰਦਨਾਕ ਘਟਨਾ ਦੇ ਸਬੰਧ ਵਿੱਚ ਅਮਿਤ ਸ਼ਾਹ ਨੇ ਹਰਸਿਮਰਤ ਬਾਦਲ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਪ੍ਰਭਾਵਸ਼ਾਲੀ ਜਾਂਚ ਯਕੀਨੀ ਬਣਾਈ ਜਾਵੇਗੀ।
ਰਾਜਨੀਤਿਕ ਪੱਖ ਤੋਂ ਇਹ ਸੰਪਰਕ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਸਤੰਬਰ 2020 ਵਿੱਚ ਖੇਤੀ ਕਾਨੂੰਨਾਂ ਦੇ ਮੱਦੇਨਜ਼ਰ ਅਕਾਲੀ ਦਲ ਵੱਲੋਂ NDA ਨਾਲੋਂ ਨਾਤਾ ਤੋੜਨ ਤੋਂ ਬਾਅਦ ਅਮਿਤ ਸ਼ਾਹ ਅਤੇ ਹਰਸਿਮਰਤ ਬਾਦਲ ਵਿਚਕਾਰ ਕਈ ਸਾਲਾਂ ਬਾਅਦ ਇਹ ਪਹਿਲੀ ਗੱਲਬਾਤ ਹੈ। ਹਰਸਿਮਰਤ ਬਾਦਲ ਨੇ ਸੋਸ਼ਲ ਮੀਡੀਆ ਰਾਹੀਂ ਵੀ ਗ੍ਰਹਿ ਮੰਤਰੀ ਦੇ ਸਹਿਯੋਗ ਅਤੇ ਦਿਲਾਸੇ ਭਰੇ ਸ਼ਬਦਾਂ ਲਈ ਸ਼ੁਕਰਾਨਾ ਕੀਤਾ ਹੈ। ਇਸ ਤੋਂ ਪਹਿਲਾਂ ਬੀਤੇ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਰਸਿਮਰਤ ਕੌਰ ਬਾਦਲ ਨੂੰ ਫ਼ੋਨ ਕਰਕੇ ਸੁਖਬੀਰ ਸਿੰਘ ਬਾਦਲ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ।