ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਚੱਲ ਰਹੀ ਸਾਲਾਨਾ ਅਮਰਨਾਥ ਯਾਤਰਾ ਵਿੱਚ ਸ਼ਾਮਲ ਹੋਣ ਲਈ ਸ਼ਨਿਚਰਵਾਰ ਨੂੰ 1,499 ਔਰਤਾਂ ਅਤੇ 441 ਬੱਚਿਆਂ ਸਮੇਤ 6,365 ਸ਼ਰਧਾਲੂਆਂ ਦਾ ਇੱਕ ਨਵਾਂ ਜਥਾ ਇੱਥੇ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂ, ਜਿਨ੍ਹਾਂ ਵਿੱਚ 135 ਸਾਧੂ ਅਤੇ ਸਾਧਵੀਆਂ ਸ਼ਾਮਲ ਸਨ, ਤੜਕਸਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੱਖ-ਵੱਖ ਕਾਫਲਿਆਂ ਵਿੱਚ ਅਨੰਤਨਾਗ ਵਿੱਚ ਨੂਨਵਾਨ-ਪਹਿਲਗਾਮ ਅਤੇ ਗੰਦਰਬਲ ਵਿੱਚ ਬਾਲਟਾਲ ਦੇ ਜੁੜਵੇਂ ਬੇਸ ਕੈਂਪਾਂ ਲਈ ਰਵਾਨਾ ਹੋਏ।
ਅਧਿਕਾਰੀਆਂ ਨੇ ਦੱਸਿਆ ਕਿ 3,514 ਸ਼ਰਧਾਲੂ 119 ਵਾਹਨਾਂ ਦੇ ਕਾਫਲੇ ਵਿੱਚ ਪਹਿਲਗਾਮ ਲਈ ਰਵਾਨਾ ਹੋਏ, ਜਦੋਂ ਕਿ 92 ਵਾਹਨਾਂ ਵਿੱਚ ਯਾਤਰਾ ਕਰਨ ਵਾਲੇ 2,851 ਸ਼ਰਧਾਲੂਆਂ ਨੇ ਬਾਲਟਾਲ ਰੂਟ ਨੂੰ ਤਰਜੀਹ ਦਿੱਤੀ। 3,880 ਮੀਟਰ ਉੱਚੀ ਗੁਫਾ ਸਥਿਤ ਤੀਰਥ ਸਥਾਨ ਦੀ 38 ਦਿਨਾਂ ਦੀ ਸਾਲਾਨਾ ਯਾਤਰਾ 3 ਜੁਲਾਈ ਨੂੰ ਦੋਵਾਂ ਰਸਤਿਆਂ ਤੋਂ ਸ਼ੁਰੂ ਹੋਈ ਸੀ ਅਤੇ 9 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਨਾਲ-ਨਾਲ ਸਮਾਪਤ ਹੋਣੀ ਹੈ। ਹੁਣ ਤੱਕ 2.75 ਲੱਖ ਤੋਂ ਵੱਧ ਸ਼ਰਧਾਲੂ ਇਸ ਤੀਰਥ ਸਥਾਨ ’ਤੇ ਮੱਥਾ ਟੇਕ ਚੁੱਕੇ ਹਨ।