ਪਠਾਨਕੋਟ : ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਦੋ ਦਿਨਾ ਦੌਰੇ 'ਤੇ ਪੰਜਾਬ ਆ ਗਏ ਹਨ। ਉਹ ਅੱਜ ਪਠਾਨਕੋਟ ਦੇ ਏ.ਬੀ. ਕਾਲਜ ਪਹੁੰਚੇ, ਜਿੱਥੇ ਉਨ੍ਹਾਂ ਨੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ। ਕਾਲਜ ਪਹੁੰਚਣ ਤੋਂ ਪਹਿਲਾਂ, ਉਨ੍ਹਾਂ ਨੇ ਫੌਜ ਦੇ ਸਾਬਕਾ ਅਧਿਕਾਰੀਆਂ ਨਾਲ ਇਕ ਅਹਿਮ ਬੈਠਕ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਨੇ ਏ.ਬੀ. ਕਾਲਜ ਵਿਚ ਨੌਜਵਾਨਾਂ ਨਾਲ ਆਪਣੀ ਦੂਜੀ ਮੀਟਿੰਗ ਕੀਤੀ, ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਿਰਕਤ ਕੀਤੀ।
ਇਨ੍ਹਾਂ ਬੈਠਕਾਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਦੇਸ਼ ਸੇਵਾ ਦੇ ਕਾਰਜਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਰਾਸ਼ਟਰ ਪ੍ਰਤੀ ਸਮਰਪਿਤ ਹੋਣ ਲਈ ਉਤਸ਼ਾਹਿਤ ਕਰਨਾ ਸੀ। ਸਵੇਰ ਵੇਲੇ ਸਾਬਕਾ ਸੈਨਿਕਾਂ ਨਾਲ ਹੋਈ ਵਿਚਾਰ-ਚਰਚਾ ਤੋਂ ਬਾਅਦ, ਨੌਜਵਾਨਾਂ ਨਾਲ ਕੀਤੀ ਗਈ ਇਸ ਮੀਟਿੰਗ ਦੌਰਾਨ ਉਨ੍ਹਾਂ ਨੂੰ ਦੇਸ਼ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਅਤੇ ਰਾਸ਼ਟਰ ਨਿਰਮਾਣ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਮੋਹਨ ਭਾਗਵਤ ਸੰਘ ਦੇ ਸ਼ਤਾਬਦੀ ਵਰ੍ਹੇ ਅਤੇ ਸੰਘ ਦੇ ‘ਪੰਚ ਪਰਿਵਰਤਨ’ ਵਿਸ਼ਿਆਂ ਨੂੰ ਲੈ ਕੇ ਉਹ ਨਿਯਮਿਤ ਰੂਪ ਵਿਚ ਪੂਰੇ ਦੇਸ਼ ਦਾ ਦੌਰਾ ਕਰ ਰਹੇ ਹਨ। ਇਸੇ ਲੜੀ ਤਹਿਤ ਉਹ ਪੰਜਾਬ ਦੌਰੇ 'ਤੇ ਆਏ ਹਨ। ਭਲਕੇ 26 ਫਰਵਰੀ ਨੂੰ ਉਹ ਲੁਧਿਆਣਾ ਵਿਖੇ ਸ਼ਾਮ 3.30 ਤੋਂ 5 ਵਜੇ ਤੱਕ ਹੋਣ ਵਾਲੀ ਪ੍ਰਮੁੱਖ ਨਾਗਰਿਕਾਂ ਦੀ ਮੀਟਿੰਗ ਵਿਚ ਸ਼ਿਰਕਤ ਕਰਨਗੇ।