ਦੁਬਈ : 7 ਵਾਰ ਦੀ ਚੈਂਪੀਅਨ ਭਾਰਤੀ ਟੀਮ ਬੰਗਲਾਦੇਸ਼ ਵਿਰੁੱਧ ਮਹਿਲਾ ਏਸ਼ੀਆ ਕੱਪ ਦੇ ਪਹਿਲੇ ਸੈਮੀਫਾਈਨਲ ’ਚ ਜਦੋਂ ਉਤਰੇਗੀ ਤਾਂ ਸਖਤ ਮੈਦਾਨੀ ਪ੍ਰਤੀਯੋਗਿਤਾ ਤੇ ਦੋਵਾਂ ਦੇਸ਼ਾਂ ਵਿਚਾਲੇ ਸਿਆਸੀ ਤਣਾਅ ਦੇ ਪਿਛੋਕੜ ’ਚ ਹੋਣ ਵਾਲੇ ਇਸ ਮੁਕਾਬਲੇ ’ਚ ਹਰਮਨਪ੍ਰੀਤ ਕੌਰ ਦੀ ਟੀਮ ਦਾ ਪੱਲੜਾ ਭਾਰੀ ਰਹੇਗਾ। ਬੰਗਲਾਦੇਸ਼ ’ਚ ਸਿਆਸੀ ਬਦਲਾਅ ਤੋਂ ਬਾਅਦ ਭਾਰਤ ਤੇ ਬੰਗਲਾਦੇਸ਼ ਦੇ ਸਿਆਸੀ ਸਬੰਧ ਤਣਾਅਪੂਰਨ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦਾ ਅਸਰ ਅਤੀਤ ’ਚ ਅਕਸਰ ਕ੍ਰਿਕਟ ਦੇ ਮੈਦਾਨ ’ਤੇ ਵੀ ਦੇਖਣ ਨੂੰ ਮਿਲਿਆ ਹੈ ਤੇ ਇਹ ਇਸ ਮੈਚ ’ਚ ਵੀ ਦੇਖਿਆ ਜਾ ਸਕਦਾ ਹੈ। ਮੌਜੂਦਾ ਸਿਆਸੀ ਤਣਾਅ ਦੇ ਕਾਰਨ ਭਾਰਤੀ ਪੁਰਸ਼ ਟੀਮ ਦਾ ਬੰਗਲਾਦੇਸ਼ ਦੌਰਾ ਕਈ ਵਾਰ ਮੁਲਤਵੀ ਹੋ ਚੁੱਕਾ ਹੈ।
ਜਿੱਥੋਂ ਤੱਕ ਕ੍ਰਿਕਟ ਦਾ ਸਵਾਲ ਹੈ ਤਾਂ ਭਾਰਤੀ ਟੀਮ ਪੂਰੇ ਟੂਰਨਾਮੈਂਟ ’ਚ ਸ਼ਾਨਦਾਰ ਫਾਰਮ ’ਚ ਰਹੀ ਹੈ ਤੇ ਉਸ ਨੇ ਸਾਰੇ ਮੈਚ ਜਿੱਤ ਕੇ ਗਰੁੱਪ-ਏ ’ਚ ਚੋਟੀ ਦਾ ਸਥਾਨ ਹਾਸਲ ਕੀਤਾ। ਗਰੁੱਪ ਪੜਾਅ ’ਚ ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 55 ਦੌੜਾਂ ’ਤੇ ਸਮੇਟ ਕੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਭਾਰਤੀ ਬੱਲੇਬਾਜ਼ੀ ਕਾਫੀ ਮਜ਼ਬੂਤ ਰਹੀ ਹੈ ਅਤੇ ਸਮ੍ਰਿਤੀ ਮੰਧਾਨਾ ਨੇ ਹਾਂਗਕਾਂਗ ਵਿਰੁੱਧ 64 ਗੇਂਦਾਂ ’ਚ 124 ਦੌੜਾਂ ਬਣਾ ਕੇ ਫਿਰ ਸਾਬਤ ਕਰ ਦਿੱਤਾ ਕਿ ਉਸ ਨੂੰ ਆਧੁਨਿਕ ਦੌਰ ਦੀਆਂ ਸਰਵੋਤਮ ਬੱਲੇਬਾਜ਼ਾਂ ’ਚ ਕਿਉਂ ਗਿਣਿਆ ਜਾਂਦਾ ਹੈ।
ਮਹਿਲਾ ਟੀ-20 ਕ੍ਰਿਕਟ ’ਚ ਸਭ ਤੋਂ ਤੇਜ਼ੀ ਨਾਲ 3000 ਦੌੜਾਂ ਪੂਰੀਆਂ ਕਰਨ ਵਾਲੀ ਧਮਾਕੇਦਾਰ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਟੀਮ ਨੂੰ ਚੰਗੀ ਸ਼ੁਰੂਆਤ ਦੇ ਕੇ ਪਾਵਰਪਲੇਅ ’ਚ ਵਿਰੋਧੀ ਟੀਮਾਂ ਨੂੰ ਦਬਾਅ ’ਚ ਰੱਖਿਆ ਹੈ। ਮੱਧਕ੍ਰਮ ’ਚ ਕਪਤਾਨ ਹਰਮਨਪ੍ਰੀਤ ਤੇ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੇ ਆਖਰੀ ਓਵਰਾਂ ’ਚ ਚੰਗੀਆਂ ਦੌੜਾਂ ਬਣਾਈਆਂ ਹਨ।
ਗੇਂਦਬਾਜ਼ੀ ’ਚ ਭਾਰਤ ਕੋਲ ਵਿਲੱਖਣਤਾ ਅਤੇ ਡੂੰਘਾਈ ਹੈ। ਦੀਪਤੀ ਸ਼ਰਮਾ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣ ਗਈ ਹੈ। ਉਸ ਨੇ ਰਾਧਾ ਯਾਦਵ ਤੇ ਸ਼੍ਰੀ ਚਰਣੀ ਨਾਲ ਮਿਲ ਕੇ ਹਰ ਮੈਚ ’ਚ ਸਪਿੰਨ ਦਾ ਜਾਲ ਬਾਖੂਬੀ ਬੁਣਿਆ ਹੈ। ਤੇਜ਼ ਗੇਂਦਬਾਜ਼ ਰੇਣੁਕਾ ਠਾਕੁਰ ਨੇ ਨਵੀਂ ਗੇਂਦ ਬਾਖੂਬੀ ਸੰਭਾਲ ਕੇ ਟੀਮ ਨੂੰ ਸ਼ੁਰੂਆਤੀ ਸਫਲਤਾਵਾਂ ਦਿਵਾਈਆਂ ਹਨ।
ਦੂਜੇ ਪਾਸੇ ਬੰਗਲਾਦੇਸ਼ ਨੇ ਯੂ. ਏ. ਈ. ਨੂੰ 34 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਨਿਗਾਰ ਸੁਲਤਾਨਾ ਦੀ ਟੀਮ ਦੀ ਬੱਲੇਬਾਜ਼ੀ ਦੀ ਕਮਜ਼ੋਰੀ ਉਜਾਗਰ ਹੋ ਗਈ ਸੀ ਜਦੋਂ ਉਸ ਦੀਆਂ 6 ਵਿਕਟਾਂ 55 ਦੌੜਾਂ ’ਤੇ ਡਿੱਗ ਗਈਆਂ ਸਨ। ਇਸ ਤੋਂ ਬਾਅਦ ਸ਼ਰਮੀਨ ਅਖਤਰ ਅਤੇ ਨਿਗਾਰ ਨੇ ਪਾਰੀ ਨੂੰ ਸੰਭਾਲਿਆ। ਬੰਗਲਾਦੇਸ਼ ਦੀਆਂ ਬੱਲੇਬਾਜ਼ਾਂ ਨੂੰ ਭਾਰਤੀ ਸਪਿੰਨ ਅਤੇ ਤੇਜ਼ ਹਮਲੇ ਸਾਹਮਣੇ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਗੇਂਦਬਾਜ਼ੀ ’ਚ ਰਾਬੀਆ ਖਾਨ, ਨਾਹੀਦਾ ਅਖਤਰ ਅਤੇ ਮਾਰੂਫਾ ਅਖਤਰ ਲਈ ਵੀ ਭਾਰਤੀ ਬੱਲੇਬਾਜ਼ਾਂ ’ਤੇ ਰੋਕ ਲਗਾਉਣ ਦੀ ਮੁਸ਼ਕਿਲ ਚੁਣੌਤੀ ਹੋਵੇਗੀ।
ਇਤਿਹਾਸ ਤੇ ਮੌਜੂਦਾ ਫਾਰਮ ਭਾਵੇਂ ਹੀ ਭਾਰਤ ਦੇ ਪੱਖ ’ਚ ਹੋਵੇ ਪਰ ਟੀ-20 ਫਾਰਮੈੱਟ ਅਣਕਿਆਸੀ ਹੈ ਅਤੇ ਵਿਰੋਧੀ ਨੂੰ ਬਿਲਕੁਲ ਵੀ ਹਲਕੇ ’ਚ ਨਹੀਂ ਲਿਆ ਜਾ ਸਕਦਾ। ਭਾਰਤ ਨੇ ਹੁਣ ਤੱਕ 7 ਵਾਰ ਇਹ ਟੂਰਨਾਮੈਂਟ ਜਿੱਤਿਆ ਹੈ ਜਦਕਿ ਸ਼੍ਰੀਲੰਕਾ ਤੇ ਬੰਗਲਾਦੇਸ਼ ਇਕ-ਇਕ ਵਾਰ ਜਿੱਤ ਚੁੱਕੇ ਹਨ। ਸ਼੍ਰੀਲੰਕਾ ਮੌਜੂਦਾ ਚੈਂਪੀਅਨ ਹੈ ਤੇ ਬੰਗਲਾਦੇਸ਼ ਨੇ 2018 ’ਚ ਖਿਤਾਬ ਜਿੱਤਿਆ ਸੀ।
ਟੀਮਾਂ :
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਭਾਰਤੀ ਫੁਲਮਾਲੀ, ਰਿਚਾ ਘੋਸ਼ (ਵਿਕਟਕੀਪਰ), ਗੁਨਾਲਨ ਕਮਲੀਨੀ (ਵਿਕਟਕੀਪਰ), ਪ੍ਰਤਿਕਾ ਰਾਵਲ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਕ੍ਰਾਂਤੀ ਗੌੜ, ਪ੍ਰੇਮਾ ਰਾਵਤ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਨੰਦਨੀ ਸ਼ਰਮਾ, ਸ਼੍ਰੀ ਚਰਣੀ, ਰਾਧਾ ਯਾਦਵ।
ਬੰਗਲਾਦੇਸ਼ : ਨਿਗਾਰ ਸੁਲਤਾਨਾ (ਕਪਤਾਨ), ਨਾਹਿਦਾ ਅਖਤਰ (ਉਪ ਕਪਤਾਨ), ਦਿਲਾ ਰਾ ਅਖਤਰ, ਫਰਜ਼ਾਨਾ ਐਸਮੀਨ, ਜੁਏਰੀਆ ਫਿਰਦੌਸ, ਸ਼ਰਮੀਨ ਅਖਤਰ ਸੁਪਤਾ, ਸਰਮੀਨ ਸੁਲਤਾਨਾ, ਸ਼ੋਭਨਾ ਮੋਸਤਾਰੀ, ਸ਼ੋਰਨਾ ਅਖਤਰ, ਰੀਤੂ ਮੋਨੀ, ਫਾਹੀਮਾ ਖਾਤੂਨ, ਰਾਬੀਆ ਖਾਨ, ਮਾਰੂਫਾ ਅਖਤਰ, ਸੁਲਤਾਨਾ ਖਾਤੂਨ, ਸ਼ੰਜੀਦਾ ਅਖਤਰ।