ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਭਾਰਤ ਵੱਲੋਂ 2-1 ਨਾਲ ਜਿੱਤਣ ਤੋਂ ਬਾਅਦ ਹੁਣ ਦੋਵਾਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਮੰਗਲਵਾਰ, 6 ਅਕਤੂਬਰ ਤੋਂ ਲਖਨਊ ਦੇ ਏਕਾਨਾ ਸਟੇਡੀਅਮ ਵਿਖੇ ਸ਼ੁਰੂ ਹੋ ਰਹੀ ਇਸ ਸੀਰੀਜ਼ ਲਈ ਭਾਰਤੀ ਟੀਮ ਵਿੱਚ 13 ਵੱਡੇ ਬਦਲਾਅ ਕੀਤੇ ਗਏ ਹਨ। ਵਨਡੇ ਟੀਮ ਦੇ 16 ਵਿੱਚੋਂ 13 ਖਿਡਾਰੀਆਂ—ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਕੇ.ਐੱਲ. ਰਾਹੁਲ, ਰਵਿੰਦਰ ਜਡੇਜਾ, ਔਕਿਬ ਨਬੀ, ਗੁਰਨੂਰ ਬਰਾੜ, ਮੁਹੰਮਦ ਸਿਰਾਜ, ਯਸ਼ਸਵੀ ਜੈਸਵਾਲ, ਧਰੁਵ ਜੁਰੇਲ, ਅੰਸ਼ੁਲ ਕੰਬੋਜ ਅਤੇ ਪ੍ਰਸਿੱਧ ਕ੍ਰਿਸ਼ਨਾ—ਨੂੰ ਟੀ-20 ਸਕੁਐਡ ਤੋਂ ਬਾਹਰ ਰੱਖਿਆ ਗਿਆ ਹੈ, ਜਦਕਿ ਏਸ਼ੀਆਈ ਖੇਡਾਂ ਵਿੱਚ ਹਿੱਸਾ ਲੈਣ ਵਾਲੇ 10 ਖਿਡਾਰੀ ਸਿੱਧੇ ਟੀ-20 ਟੀਮ ਵਿੱਚ ਸ਼ਾਮਲ ਹੋਏ ਹਨ। ਇਹ ਸੀਰੀਜ਼ 6 ਅਕਤੂਬਰ ਤੋਂ ਲਖਨਊ, 9 ਅਕਤੂਬਰ ਨੂੰ ਰਾਂਚੀ, 11 ਅਕਤੂਬਰ ਨੂੰ ਇੰਦੌਰ, 14 ਅਕਤੂਬਰ ਨੂੰ ਹੈਦਰਾਬਾਦ ਅਤੇ 17 ਅਕਤੂਬਰ ਨੂੰ ਬੈਂਗਲੁਰੂ ਵਿਖੇ ਖੇਡੀ ਜਾਵੇਗੀ।
ਵੈਸਟਇੰਡੀਜ਼ ਵਿਰੁੱਧ ਭਾਰਤ ਦੀ ਪੂਰੀ ਟੀ-20 ਟੀਮ
ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਕੁਲਦੀਪ ਯਾਦਵ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਨੀਤੀਸ਼ ਕੁਮਾਰ ਰੈੱਡੀ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ, ਮਯੰਕ ਯਾਦਵ, ਨਮਨ ਧੀਰ।
ਟੀ-20 ਸੀਰੀਜ਼ ਵਿੱਚ ਵਨਡੇ ਟੀਮ ਵਿੱਚੋਂ ਸਿਰਫ਼ ਨਮਨ ਧੀਰ, ਕੁਲਦੀਪ ਯਾਦਵ ਅਤੇ ਨੀਤੀਸ਼ ਕੁਮਾਰ ਰੈੱਡੀ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪ੍ਰਿੰਸ ਯਾਦਵ ਅਤੇ ਮਯੰਕ ਯਾਦਵ ਦੋ ਅਜਿਹੇ ਨਵੇਂ ਚਿਹਰੇ ਹਨ ਜੋ ਪਹਿਲਾਂ ਕਿਸੇ ਟੀਮ ਵਿੱਚ ਨਹੀਂ ਸਨ। ਜਸਪ੍ਰੀਤ ਬੁਮਰਾਹ ਅਤੇ ਵਾਸ਼ਿੰਗਟਨ ਸੁੰਦਰ ਨੂੰ ਇਸ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ।
ਦੂਜੇ ਪਾਸੇ, ਵੈਸਟਇੰਡੀਜ਼ ਦੀ ਟੀਮ ਵਿੱਚ 8 ਨਵੇਂ ਖਿਡਾਰੀ ਸ਼ਾਮਲ ਕੀਤੇ ਗਏ ਹਨ, ਜਦਕਿ ਸ਼ਾਈ ਹੋਪ ਹੀ ਕਪਤਾਨੀ ਸੰਭਾਲਣਗੇ।