ICC ਵੱਲੋਂ ਜਾਰੀ ਕੀਤੀ ਗਈ ਤਾਜ਼ਾ ਟੈਸਟ ਰੈਂਕਿੰਗ ਵਿਚ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੱਡਾ ਝਟਕਾ ਲੱਗਾ ਹੈ। ਬੁੱਧਵਾਰ ਨੂੰ ਜਾਰੀ ਕੀਤੀ ਗਈ ਇਸ ਰੈਂਕਿੰਗ ਮੁਤਾਬਕ ਸ਼ੁਭਮਨ ਗਿੱਲ ਦੋ ਸਥਾਨ ਅਤੇ ਜਸਪ੍ਰੀਤ ਬੁਮਰਾਹ ਇਕ ਸਥਾਨ ਹੇਠਾਂ ਖਿਸਕ ਗਏ ਹਨ।
ਸ਼ੁਭਮਨ ਗਿੱਲ ਨੇ ਸ਼੍ਰੀਲੰਕਾ ਦੌਰੇ 'ਤੇ ਤਿੰਨ ਪਾਰੀਆਂ ਵਿਚ ਮਹਿਜ਼ ਇਕ ਅਰਧ-ਸੈਂਕੜਾ ਲਗਾਉਣ ਵਾਲੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਦੋ ਸਥਾਨ ਹੇਠਾਂ ਖਿਸਕ ਕੇ ਹੁਣ 9ਵੇਂ ਨੰਬਰ 'ਤੇ ਪਹੁੰਚ ਗਏ ਹਨ। ਇਸੇ ਤਰ੍ਹਾਂ ਦਿੱਗਜ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਆਪਣਾ ਦੂਜਾ ਸਥਾਨ ਵੀ ਗੁਆ ਦਿੱਤਾ ਹੈ। ਹੁਣ ਉਹ ਆਸਟ੍ਰੇਲੀਆ ਦੇ ਮਿਚੇਲ ਸਟਾਰਕ ਅਤੇ ਨਿਊਜ਼ੀਲੈਂਡ ਦੇ ਮੈਟ ਹੈਨਰੀ ਤੋਂ ਬਾਅਦ ਤੀਜੇ ਸਥਾਨ 'ਤੇ ਆ ਗਏ ਹਨ। ਬੁਮਰਾਹ ਗੋਡੇ ਦੀ ਸੱਟ ਕਾਰਨ ਸ਼੍ਰੀਲੰਕਾ ਦੌਰੇ 'ਤੇ ਨਹੀਂ ਜਾ ਸਕੇ ਸਨ। ਉਨ੍ਹਾਂ ਨੂੰ ਅਫਗਾਨਿਸਤਾਨ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਲਈ ਭਾਰਤੀ ਟੀਮ ਵਿਚ ਚੁਣਿਆ ਗਿਆ ਹੈ, ਪਰ ਉਨ੍ਹਾਂ ਦਾ ਖੇਡਣਾ ਫਿਟਨੈੱਸ ਦੀ ਮਨਜ਼ੂਰੀ ਮਿਲਣ 'ਤੇ ਨਿਰਭਰ ਕਰੇਗਾ।
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਟੈਸਟ ਕ੍ਰਿਕਟ ਵਿਚ 7ਵੇਂ ਸਥਾਨ 'ਤੇ ਬਣੇ ਹੋਏ ਹਨ ਅਤੇ ਉਹ ਸਰਵੋਤਮ ਰੈਂਕਿੰਗ ਵਾਲੇ ਭਾਰਤੀ ਬੱਲੇਬਾਜ਼ ਹਨ। ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੀ ਰੈਂਕਿੰਗ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ ਅਤੇ ਉਹ 11ਵੇਂ ਸਥਾਨ 'ਤੇ ਬਰਕਰਾਰ ਹਨ। ਸ਼੍ਰੀਲੰਕਾ ਖ਼ਿਲਾਫ਼ ਦੋ ਟੈਸਟ ਮੈਚਾਂ ਵਿਚ ਦੋ ਸੈਂਕੜਿਆਂ ਦੀ ਮਦਦ ਨਾਲ 328 ਦੌੜਾਂ ਬਣਾਉਣ ਵਾਲੇ ਦੇਵਦੱਤ ਪਡੀਕਲ 5 ਸਥਾਨਾਂ ਦੀ ਛਾਲ ਮਾਰ ਕੇ 54ਵੇਂ ਸਥਾਨ 'ਤੇ ਪਹੁੰਚ ਗਏ ਹਨ।
ਸ਼੍ਰੀਲੰਕਾਈ ਸਟਾਰ ਸੋਨਲ ਦਿਨੁਸ਼ਾ ਨੂੰ ਵੱਡਾ ਫਾਇਦਾ
ਭਾਰਤ ਖ਼ਿਲਾਫ਼ ਕੋਲੰਬੋ ਟੈਸਟ ਦੀਆਂ ਦੋਵਾਂ ਪਾਰੀਆਂ ਵਿਚ ਸੈਂਕੜਾ ਜੜਨ ਵਾਲੇ ਸ਼੍ਰੀਲੰਕਾ ਦੇ ਨੌਜਵਾਨ ਬੱਲੇਬਾਜ਼ ਸੋਨਲ ਦਿਨੁਸ਼ਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਰੈਂਕਿੰਗ ਵਿਚ 29 ਸਥਾਨਾਂ ਦੀ ਵੱਡੀ ਛਾਲ ਮਾਰੀ ਹੈ ਅਤੇ ਉਹ ਹੁਣ 25ਵੇਂ ਸਥਾਨ 'ਤੇ ਪਹੁੰਚ ਗਏ ਹਨ।