ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸ਼ਾਮ ਨੂੰ ਰਾਜਧਾਨੀ 'ਚ ਮੰਤਰਾਲਿਆਂ ਦੇ ਸਕੱਤਰਾਂ ਨਾਲ ਬੈਠਕ ਕਰਨਗੇ। ਅਧਿਕਾਰਤ ਸੂਤਰਾਂ ਅਨੁਸਾਰ ਬੈਠਕ ਸ਼ਾਮ 4 ਵਜੇ ਹੋਵੇਗੀ। ਇਸ ਬੈਠਕ ਦਾ ਮੁੱਖ ਏਜੰਡਾ ਸਰਕਾਰੀ ਕੰਮਕਾਜ ਦੀ ਸਮੀਖਿਆ ਕਰਨਾ, ਕਾਰੋਬਾਰ ਕਰਨ 'ਚ ਆਸਾਨੀ, ਆਮ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਆਸਾਨ ਬਣਾਉਣ ਲਈ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਨ, ਨੀਤੀਆਂ ਦੇ ਬਿਹਤਰ ਤਰੀਕੇ ਨਾਲ ਲਾਗੂ ਕਰਨ ਦੇ ਨਾਲ-ਨਾਲ ਕੁਝ ਯੋਜਨਾਵਾਂ ਦੀ ਤਰੱਕੀ ਦੀ ਵੀ ਸਮੀਖਿਆ ਕੀਤੀ ਜਾ ਸਕਦੀ ਹੈ। ਬੈਠਕ 'ਚ ਕੁਝ ਚੁਨਿੰਦਾ ਵਿਭਾਗਾਂ ਦੇ ਸਕੱਤਰਾਂ ਵਲੋਂ ਪੇਸ਼ਕਾਰੀਆਂ ਵੀ ਦਿੱਤੀਆਂ ਜਾ ਸਕਦੀਆਂ ਹਨ।
ਬੈਠਕ 'ਚ ਪ੍ਰਧਾਨ ਮੰਤਰੀ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੇ ਟੀਚੇ ਦੇ ਅਨੁਰੂਪ ਅਗਲੀ ਪੀੜ੍ਹੀ ਦੇ ਸੁਧਾਰਾਂ 'ਤੇ ਚਰਚਾ ਕਰਨਗੇ। ਬੈਠਕ 'ਚ ਦੇਸ਼ ਦੀ ਆਰਥਿਕ ਸਥਿਤੀ ਅਤੇ ਵਿਕਾਸ ਦਰ 'ਤੇ ਵੀ ਚਰਚਾ ਹੋ ਸਕਦੀ ਹੈ। ਇਹ ਪਿਛਲੇ 2 ਮਹੀਨਿਆਂ 'ਚ ਪ੍ਰਧਾਨ ਮੰਤਰੀ ਅਤੇ ਸੀਨੀਅਰ ਆਗੂਆਂ ਦੀ ਦੂਜੀ ਵੱਡੀ ਸੰਸਥਾਗਤ ਬੈਠਕ ਹੈ। ਇਸ ਤੋਂ ਪਹਿਲਾਂ 21 ਮਈ ਨੂੰ ਕੇਂਦਰੀ ਕੈਬਨਿਟ ਅਤੇ ਸਕੱਤਰਾਂ ਦੀ ਸੰਯੁਕਤ ਬੈਠਕ ਹੋਈ ਸੀ। ਉਸ ਬੈਠਕ 'ਚ 'ਵਿਕਸਿਤ ਭਾਰਤ 2047' ਦੇ ਟੀਚੇ ਨੂੰ ਹਾਸਲ ਕਰਨ ਲਈ ਨੀਤੀਗਤ ਅਤੇ ਬੁਨਿਆਦੀ ਢਾਂਚਾ ਤਬਦੀਲੀਆਂ 'ਤੇ ਜ਼ੋਰ ਦਿੱਤਾ ਗਿਆ ਸੀ।