ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੀ ਮਿੰਨੀ ਨਿਲਾਮੀ ਅੱਜ 16 ਦਸੰਬਰ ਨੂੰ UAE ਦੇ ਅਬੂ ਧਾਬੀ ਵਿੱਚ ਹੋ ਰਹੀ ਹੈ। ਇਸ ਨਿਲਾਮੀ ਵਿੱਚ ਸਾਰੀਆਂ 10 ਫ੍ਰੈਂਚਾਇਜ਼ੀਆਂ ਆਪਣੀਆਂ ਕਮਜ਼ੋਰ ਕੜੀਆਂ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਉਤਰਨਗੀਆਂ। ਮਿੰਨੀ ਆਕਸ਼ਨ ਹੋਣ ਦੇ ਬਾਵਜੂਦ ਇਸ ਵਾਰ ਵੀ ਵੱਡੀਆਂ ਬੋਲੀਆਂ ਦੀ ਪੂਰੀ ਸੰਭਾਵਨਾ ਹੈ।
ਕੁੱਲ 77 ਸਲੌਟਾਂ ਲਈ ਲੱਗੇਗੀ ਬੋਲੀ
IPL 2026 ਨਿਲਾਮੀ ਵਿੱਚ ਕੁੱਲ 77 ਸਲੌਟ ਖਾਲੀ ਹਨ ਅਤੇ ਸਾਰੀਆਂ ਟੀਮਾਂ ਕੋਲ ਮਿਲਾ ਕੇ ਖਰਚਣ ਲਈ ₹237.55 ਕਰੋੜ ਦੀ ਰਾਸ਼ੀ ਮੌਜੂਦ ਹੈ। ਨਿਲਾਮੀ ਦੀ ਅੰਤਿਮ ਸੂਚੀ ਵਿੱਚ ਕੁੱਲ 350 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
KKR ਅਤੇ CSK ਵਿਚਾਲੇ ਕੈਮਰਨ ਗ੍ਰੀਨ ਲਈ ਸਿੱਧੀ ਟੱਕਰ
ਆਸਟ੍ਰੇਲੀਆਈ ਸਟਾਰ ਆਲਰਾਊਂਡਰ ਕੈਮਰਨ ਗ੍ਰੀਨ ਇਸ ਨਿਲਾਮੀ ਦੇ ਸਭ ਤੋਂ ਵੱਡੇ ਆਕਰਸ਼ਣ ਮੰਨੇ ਜਾ ਰਹੇ ਹਨ। ਉਨ੍ਹਾਂ ਦੀ ਤੇਜ਼ ਗੇਂਦਬਾਜ਼ੀ ਅਤੇ ਵਿਸਫੋਟਕ ਬੱਲੇਬਾਜ਼ੀ ਦੀ ਕਾਬਲੀਅਤ ਦੇ ਚੱਲਦਿਆਂ, ਗ੍ਰੀਨ 'ਤੇ ਚੇਨਈ ਸੁਪਰ ਕਿੰਗਜ਼ (CSK) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਕਾਰ ਸਿੱਧੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ। ਗ੍ਰੀਨ ਨੇ IPL ਵਿੱਚ 29 ਮੈਚਾਂ ਵਿੱਚ 704 ਦੌੜਾਂ ਬਣਾਉਣ ਦੇ ਨਾਲ 16 ਵਿਕਟਾਂ ਹਾਸਲ ਕੀਤੀਆਂ ਹਨ। ਕੋਲਕਾਤਾ ਨਾਈਟ ਰਾਈਡਰਜ਼ (KKR) ਇਸ ਨਿਲਾਮੀ ਵਿੱਚ 64.30 ਕਰੋੜ ਰੁਪੇ ਦੇ ਸਭ ਤੋਂ ਵੱਡੇ ਪਰਸ ਨਾਲ ਸਭ ਤੋਂ ਤਾਕਤਵਰ ਨਜ਼ਰ ਆ ਰਹੀ ਹੈ ਅਤੇ ਉਸ ਨੂੰ 13 ਖਿਡਾਰੀ ਖਰੀਦਣੇ ਹਨ। ਚੇਨਈ ਸੁਪਰ ਕਿੰਗਜ਼ (CSK) ਵੀ ਮਜ਼ਬੂਤ ਸਥਿਤੀ ਵਿੱਚ ਹੈ, ਜਿਸ ਕੋਲ 43.40 ਕਰੋੜ ਰੁਪਏ ਹਨ ਅਤੇ 9 ਸਲੌਟ ਖਾਲੀ ਹਨ। ਦੋਵੇਂ ਟੀਮਾਂ ਆਲਰਾਊਂਡਰ ਵਿਕਲਪਾਂ ਨੂੰ ਲੈ ਕੇ ਆਕਰਮਕ ਰੁਖ ਅਪਣਾ ਸਕਦੀਆਂ ਹਨ।
ਮੁੰਬਈ ਇੰਡੀਅਨਜ਼ (MI) ਦੀ ਸੀਮਤ ਭੂਮਿਕਾ
ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ (MI) ਇਸ ਨਿਲਾਮੀ ਵਿੱਚ ਸਭ ਤੋਂ ਮੁਸ਼ਕਲ ਸਥਿਤੀ ਵਿੱਚ ਹੈ। MI ਕੋਲ ਸਿਰਫ਼ 2.75 ਕਰੋੜ ਰੁਪਏ ਦਾ ਪਰਸ ਬਚਿਆ ਹੈ, ਜੋ ਸਾਰੀਆਂ ਟੀਮਾਂ ਵਿੱਚੋਂ ਸਭ ਤੋਂ ਘੱਟ ਹੈ। ਇਸ ਸੀਮਤ ਬਜਟ ਕਾਰਨ ਟੀਮ ਜ਼ਿਆਦਾਤਰ ਅਨਕੈਪਡ ਖਿਡਾਰੀਆਂ ਜਾਂ ਘੱਟ ਬੇਸ ਪ੍ਰਾਈਸ ਵਾਲੇ ਖਿਡਾਰੀਆਂ 'ਤੇ ਹੀ ਦਾਅ ਲਗਾ ਸਕੇਗੀ।
ਵੈਂਕਟੇਸ਼ ਅਈਅਰ 'ਤੇ ਵੀ ਨਜ਼ਰ
ਭਾਰਤੀ ਖਿਡਾਰੀਆਂ ਵਿੱਚ ਆਲਰਾਊਂਡਰ ਵੈਂਕਟੇਸ਼ ਅਈਅਰ ਨੂੰ ਲੈ ਕੇ ਵੀ ਫ੍ਰੈਂਚਾਇਜ਼ੀਆਂ ਵਿੱਚ ਖਾਸ ਉਤਸ਼ਾਹ ਹੈ। ਭਾਵੇਂ ਪਿਛਲਾ ਸੀਜ਼ਨ ਉਨ੍ਹਾਂ ਲਈ ਚੰਗਾ ਨਹੀਂ ਰਿਹਾ ਸੀ, ਪਰ ਉਨ੍ਹਾਂ ਦੀ ਆਲਰਾਊਂਡਰ ਕਾਬਲੀਅਤ ਕਈ ਟੀਮਾਂ ਨੂੰ ਆਕਰਸ਼ਿਤ ਕਰ ਰਹੀ ਹੈ ਅਤੇ ਨਿਲਾਮੀ ਵਿੱਚ ਉਨ੍ਹਾਂ ਲਈ ਵੱਡੀਆਂ ਬੋਲੀਆਂ ਲੱਗ ਸਕਦੀਆਂ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ (SMAT) ਵਿੱਚ ਇੱਕ ਮਹੱਤਵਪੂਰਨ ਅਰਧ ਸੈਂਕੜਾ ਵੀ ਲਗਾਇਆ ਹੈ।