ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਵਲੋਂ ਵਸਤੂਆਂ ਅਤੇ ਸੇਵਾਵਾਂ ਟੈਕਸ ਧੋਖਾਧੜੀ ਦੀ ਮਨੀ ਲਾਂਡਰਿੰਗ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀਆਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਸ ਮਾਮਲੇ ਦੇ ਸਬੰਧ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਫਰਜ਼ੀ ਇਨਪੁਟ ਟੈਕਸ ਕ੍ਰੈਡਿਟ ਦੀ ਕਥਿਤ ਦੁਰਵਰਤੋਂ ਦੇ ਸਬੰਧ ਵਿਚ ਮਨੀ ਲਾਂਡਰਿੰਗ ਰੋਕਥਾਮ ਐਕਟ ਦੀਆਂ ਧਰਾਵਾਂ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ।
ਇਸ ਸਬੰਧ ਵਿਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਅਤੇ ਗਾਜ਼ੀਆਬਾਦ ਦੇ 9 ਅਹਾਤਿਆਂ ਦੇ ਨਾਲ-ਨਾਲ ਹਰਿਆਣਾ ਦੇ ਫਰੀਦਾਬਾਦ ਵਿਚ ਮਨੀ ਲਾਂਡਰਿੰਗ ਰੋਕਥਾਮ ਐਕਟ ਦੀਆਂ ਧਰਾਵਾਂ ਤਹਿਤ ਤਲਾਸ਼ੀ ਲਈ ਗਈ। ਜਾਣਕਾਰੀ ਮੁਤਾਬਕ ਇਸ ਜਾਂਚ ਵਿੱਚ ਜੰਬੂਦਵੀਪ ਐਕਸਪੋਰਟ ਐਂਡ ਇੰਪੋਰਟ ਨਾਮਕ ਇੱਕ ਕੰਪਨੀ ਸ਼ਾਮਲ ਹੈ। ਦੋਸ਼ ਹੈ ਕਿ ਕੰਪਨੀ ਨੇ ਸਾਮਾਨ ਦੀ ਢੋਆ-ਢੁਆਈ ਕੀਤੇ ਬਿਨਾਂ ਜਾਅਲੀ ਈ-ਵੇਅ ਬਿੱਲ ਰਾਹੀਂ ਇਨਪੁੱਟ ਟੈਕਸ ਕ੍ਰੈਡਿਟ ਤਿਆਰ ਕਰਵਾਇਆ ਅਤੇ ਉਸ ਨੂੰ ਅੱਗੇ ਪਾਸ ਕਰ ਦਿੱਤਾ। ਈਡੀ ਵਲੋਂ ਕੀਤੀ ਗਈ ਇਸ ਕਾਰਵਾਈ 'ਤੇ ਟਿੱਪਣੀ ਲਈ ਕੰਪਨੀ ਨਾਲ ਕੋਈ ਸੰਪਰਕ ਨਹੀਂ ਕੀਤਾ ਜਾ ਸਕਿਆ।
ਈਡੀ ਦਾ ਦੋਸ਼ ਹੈ ਕਿ ਕੰਪਨੀ ਨੇ ਕਈ ਫਰਜ਼ੀ/ ਗੈਰ-ਮੌਜੂਦ ਸੰਸਥਾਵਾਂ ਰਾਹੀਂ ਪੈਸੇ ਦੇ ਲੈਣ-ਦੇਣ ਅਤੇ ਨਕਦੀ ਕਢਵਾਉਣ ਦੇ ਮਾਮਲੇ ਵੱਖ-ਵੱਖ ਪੱਧਰਾਂ 'ਤੇ ਕੀਤੇ ਗਏ। ਜੀਐਸਟੀ ਅਧਿਕਾਰੀਆਂ ਨੇ 9.63 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ ਦੀ ਧੋਖਾਧੜੀ ਦਾ ਪਤਾ ਲਗਾਇਆ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਮਾਲੀਆ ਨੁਕਸਾਨ ਹੋਇਆ। ਅਧਿਕਾਰੀਆਂ ਨੇ ਕਿਹਾ ਕਿ ਛਾਪੇਮਾਰੀ ਦਾ ਉਦੇਸ਼ ਅਪਰਾਧ ਦੀ ਕਮਾਈ ਦਾ ਪਤਾ ਲਗਾਉਣਾ, ਹੋਰ ਲਾਭਪਾਤਰੀਆਂ ਦੀ ਪਛਾਣ ਕਰਨਾ ਅਤੇ ਕਥਿਤ ਜਾਅਲੀ ਆਈਟੀਸੀ ਨੈੱਟਵਰਕ ਨਾਲ ਸਬੰਧਤ ਦਸਤਾਵੇਜ਼ੀ ਅਤੇ ਡਿਜੀਟਲ ਸਬੂਤ ਇਕੱਠੇ ਕਰਨਾ ਸੀ।