ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਗਈ ਹੈ। ਇਸ 'ਚ ਉਨ੍ਹਾਂ ਵਲੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐੱਫ. ਸੀ. ਆਈ.) ਦੇ ਜਨਰਲ ਮੈਨੇਜਰ ਦੀ ਨਿਯੁਕਤੀ ਦਾ ਮੁੱਦਾ ਚੁੱਕਿਆ ਗਿਆ ਹੈ। ਚਿੱਠੀ 'ਚ ਉਨ੍ਹਾਂ ਨੇ ਕਿਹਾ ਕਿ ਐੱਫ. ਸੀ. ਆਈ. ਪੰਜਾਬ ਅਤੇ ਚੰਡੀਗੜ੍ਹ ਦੇ ਜਨਰਲ ਮੈਨੇਜਰ ਲਈ ਪੰਜਾਬ ਦੇ ਆਈ. ਏ. ਐੱਸ. ਅਧਿਕਾਰੀ ਨੂੰ ਚੁਣਿਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਬਾਹਰੀ ਅਧਿਕਾਰੀ ਪੰਜਾਬ ਦੇ ਹਾਲਾਤ ਨੂੰ ਚੰਗੇ ਤਰੀਕੇ ਨਾਲ ਨਹੀਂ ਜਾਣ ਸਕਦੇ। ਇਸ ਲਈ ਐੱਫ. ਸੀ. ਆਈ. ਪੰਜਾਬ ਅਤੇ ਚੰਡੀਗੜ੍ਹ ਦਾ ਜਨਰਲ ਮੈਨੇਜਰ ਪੰਜਾਬ ਦਾ ਅਧਿਕਾਰੀ ਹੀ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੈਡਰ ਦੇ ਅਧਿਕਾਰੀ ਸੂਬੇ ਦੀ ਖ਼ਰੀਦ, ਭੰਡਾਰਣ ਅਤੇ ਵੰਡ ਪ੍ਰਣਾਲੀ ਦਾ ਪ੍ਰਤੱਖ ਤਜ਼ੁਰਬਾ ਰੱਖਦੇ ਹਨ, ਜੋ ਸੂਬਾ ਸਰਕਾਰ ਅਤੇ ਕੇਂਦਰ ਦੀ ਏਜੰਸੀਆਂ ਵਿਚਕਾਰ ਵਧੀਆ ਤਾਲਮੇਲ ਬਿਠਾਉਣ ਨੂੰ ਯਕੀਨੀ ਬਣਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਕੈਡਰ ਦੇ ਆਈ. ਏ. ਐੱਸ. ਅਧਿਕਾਰੀਆਂ ਦਾ ਇਕ ਪੈਨਲ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ। ਪਹਿਲੇ ਪੈਨਲ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਇਸ ਨੂੰ ਸੋਧ ਕੇ ਭੇਜਿਆ ਗਿਆ ਪਰ ਇਸ ਪੈਨਲ ਨੂੰ ਵੀ ਮਨਜ਼ੂਰੀ ਨਾ ਦੇ ਕੇ ਕਿਸੇ ਹੋਰ ਕੈਡਰ ਦੇ ਆਈ. ਏ. ਐੱਸ. ਅਧਿਕਾਰੀ ਦੇ ਨਾਂ ਨੂੰ ਇਸ ਅਹਿਮ ਅਹੁਦੇ ਲਈ ਮਨਜ਼ੂਰੀ ਦਿੱਤੀ ਗਈ ਹੈ।