ਲੁਸਾਨੇ : ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਅਨੁਸਾਰ ਭਾਰਤ, ਜਰਮਨੀ, ਹੰਗਰੀ, ਕਤਰ, ਦੱਖਣੀ ਕੋਰੀਆ, ਦੱਖਣੀ ਅਫਰੀਕਾ ਅਤੇ ਤੁਰਕੀਏ ਸਮੇਤ ਕੁੱਲ ਸੱਤ ਦੇਸ਼ਾਂ ਨੇ 2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਵਿੱਚ ਦਿਲਚਸਪੀ ਦਿਖਾਈ ਹੈ। ਆਈ.ਓ.ਸੀ. ਨੇ ਇਨ੍ਹਾਂ ਸਾਰੇ ਇੱਛੁਕ ਦੇਸ਼ਾਂ ਨੂੰ ਨਵੰਬਰ ਮਹੀਨੇ ਵਿੱਚ 'ਫਿਊਚਰ ਹੋਸਟ ਕਮਿਸ਼ਨ' ਦੇ ਸਾਹਮਣੇ ਆਪਣੇ ਪ੍ਰੋਜੈਕਟ ਪੇਸ਼ ਕਰਨ ਲਈ ਸੱਦਾ ਦਿੱਤਾ ਹੈ। ਆਈ.ਓ.ਸੀ. ਨੇ ਸਪੱਸ਼ਟ ਕੀਤਾ ਹੈ ਕਿ 31 ਅਕਤੂਬਰ ਤੋਂ ਬਾਅਦ 2036 ਓਲੰਪਿਕ ਦੀ ਮੇਜ਼ਬਾਨੀ ਲਈ ਕਿਸੇ ਵੀ ਹੋਰ ਨਵੇਂ ਦੇਸ਼ ਦੇ ਦਾਅਵੇ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਨ੍ਹਾਂ ਪ੍ਰੋਜੈਕਟਾਂ ਦਾ ਮੁਲਾਂਕਣ ਖੇਡ ਮੈਦਾਨਾਂ ਦੇ ਮਾਸਟਰ ਪਲਾਨ, ਖਿਡਾਰੀਆਂ ਦੇ ਅਨੁਭਵ, ਫੰਡਿੰਗ ਰਣਨੀਤੀ, ਰਾਜਨੀਤਿਕ ਤੇ ਜਨਤਕ ਸਮਰਥਨ ਅਤੇ ਲੰਬੇ ਸਮੇਂ ਦੇ ਲਾਭਾਂ ਵਰਗੇ ਤਕਨੀਕੀ ਪਹਿਲੂਆਂ ਦੇ ਆਧਾਰ 'ਤੇ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਰਤ ਨੇ 2024 ਵਿੱਚ ਹੀ ਓਲੰਪਿਕ ਦੀ ਮੇਜ਼ਬਾਨੀ ਕਰਨ ਦੀ ਇੱਛਾ ਪ੍ਰਗਟਾਉਂਦਿਆਂ ਆਪਣਾ ਆਸ਼ੇ ਪੱਤਰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਆਈ.ਓ.ਸੀ. ਦੀ ਨਵੀਂ ਪ੍ਰਧਾਨ ਕ੍ਰਿਸਟੀ ਕੋਵੈਂਟਰੀ ਨੇ ਮੇਜ਼ਬਾਨਾਂ ਦੀ ਚੋਣ ਪ੍ਰਕਿਰਿਆ ਨੂੰ ਆਰਜ਼ੀ ਤੌਰ 'ਤੇ ਰੋਕ ਦਿੱਤਾ ਸੀ ਤਾਂ ਜੋ ਮੈਂਬਰ ਦੇਸ਼ਾਂ ਤੋਂ ਰਾਇ ਲੈ ਕੇ ਇਸ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਹੁਣ ਆਈ.ਓ.ਸੀ. ਵੱਖ-ਵੱਖ ਰਾਸ਼ਟਰੀ ਓਲੰਪਿਕ ਕਮੇਟੀਆਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ, ਜਦਕਿ ਕੁਝ ਹੋਰ ਦੇਸ਼ 2036 ਤੋਂ ਬਾਅਦ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਵੀ ਸ਼ੁਰੂਆਤੀ ਚਰਚਾ ਵਿੱਚ ਸ਼ਾਮਲ ਹਨ।