ਨਵਾਂਸ਼ਹਿਰ (ਮਨੋਰੰਜਨ ਕਾਲੀਆ): ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸੋਮਵਾਰ ਨੂੰ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮਹੀਨਾਵਾਰ ਰੀਵਿਊ ਮੀਟਿੰਗ ਆਯੋਜਿਤ ਕੀਤੀ। ਇਸ ਦੌਰਾਨ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਾਰੇ ਸਿਹਤ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਉਨ੍ਹਾਂ ਦੇ ਟੀਚਿਆਂ ਦੀ ਮੁਕੰਮਲ ਪ੍ਰਾਪਤੀ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਜੂਨ ਤੇ ਜੁਲਾਈ ਮਹੀਨੇ ਦੇ ਸਿਹਤ ਦੇਖਭਾਲ ਪ੍ਰਗਤੀ ਕੰਮਾਂ ਦੀ ਸਮੀਖਿਆ ਕਰਦੇ ਹੋਏ ਸਿਹਤ ਅਧਿਕਾਰੀਆਂ ਨੂੰ ਮਾਤਰੀ ਮੌਤ ਦਰ ਘਟਾਉਣ ਲਈ ਕੁਆਲਿਟੀ ਐਂਟੀਨੇਟਲ ਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਸਾਰੀਆਂ ਗਰਭਵਤੀ ਔਰਤਾਂ ਦੀ ਜਲਦੀ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਤਾਂ ਜੋ ਉਨ੍ਹਾਂ ਦੀਆਂ ਸਾਰੇ ਏ.ਐੱਨ.ਸੀ. ਸਮੇਂ ਸਿਰ ਮੁਕੰਮਲ ਹੋ ਸਕਣ।
ਇਸ ਮੌਕੇ ਉਨ੍ਹਾਂ 100 ਦਿਨਾ ਟੀਬੀ ਮੁਕਤ ਭਾਰਤ ਮੁਹਿੰਮ ਦੀ ਗੱਲ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਨਵਾਂਸ਼ਹਿਰ ਵਿਚ 100 ਦਿਨਾ ਟੀਬੀ ਮੁਕਤ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ। ਇਸ 100 ਦਿਨਾ ਟੀਬੀ ਮੁਕਤ ਭਾਰਤ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਇਸ ਮੁਹਿੰਮ ਦੌਰਾਨ ਟੀਬੀ ਦੇ ਉਨ੍ਹਾਂ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾਵੇ, ਜਿਨ੍ਹਾਂ ਵਿਚ ਟੀਬੀ ਹੋਣ ਦਾ ਖਤਰਾ ਜ਼ਿਆਦਾ ਹੈ। ਇਸ ਕੈਟਾਗਿਰੀ ਵਿਚ ਸ਼ੂਗਰ ਦੇ ਮਰੀਜ਼, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ, ਭੱਠਿਆਂ ਤੇ ਕੰਮ ਕਰਨ ਵਾਲੇ ਮਜ਼ਦੂਰ ਸ਼ਾਮਲ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਆਸ਼ਾ ਵਰਕਰਾਂ ਆਪਣੇ ਪਿੰਡਾਂ ਤੋਂ ਸੈਂਪਲ ਲੈ ਕੇ ਨਵਾਂਸ਼ਹਿਰ, ਬੰਗਾ ਤੇ ਬਲਾਚੌਰ ਹਸਪਤਾਲਾਂ ਵਿਚ ਭੇਜਣਗੀਆਂ, ਜਿੱਥੇ ਉਨ੍ਹਾਂ ਦੇ ਨਾਟ ਟੈਸਟ ਕੀਤੇ ਜਾਣਗੇ। ਉਨ੍ਹਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਸੈਂਪਲ ਲੈਣ ਲਈ ਆਸ਼ਾ ਵਰਕਰਾਂ ਨੂੰ ਜਲਦ ਤੋਂ ਜਲਦ ਕੰਟੇਨਰ ਮੁਹੱਈਆ ਕਰਵਾਏ ਜਾਣ।
ਉਨ੍ਹਾਂ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ 100 ਦਿਨਾਂ ਦੀ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਪਛਾਣ ਕਰਨ ਲਈ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇ। ਡਾ. ਸਿੰਘ ਨੇ ਦੱਸਿਆ ਕਿ ਟੀ.ਬੀ. ਦੇ ਖਾਤਮੇ ਲਈ ਚਲਾਈ ਜਾ ਰਹੀ 100 ਦਿਨਾਂ ਦੀ ਮੁਹਿੰਮ ਵਿੱਚ ਜਿੱਥੇ ਲੋਕਾਂ ਨੂੰ ਤਪਦਿਕ ਦੇ ਕਾਰਨਾਂ, ਬਚਾਅ ਤੇ ਇਲਾਜ ਬਾਰੇ ਜਾਗਰੂਕ ਕੀਤਾ ਜਾਵੇ, ਉੱਥੇ ਹੀ ਤਪਦਿਕ ਦੀ ਸਕਰੀਨਿੰਗ ਤੇ ਜਾਂਚ ਆਦਿ ਜਿਸ ਵਿੱਚ ਨਾਟ ਟੈਸਟ ਆਦਿ ਸ਼ਾਮਲ ਹੈ, ਕੀਤੇ ਜਾਣੇ। ਉਨ੍ਹਾਂ ਦੱਸਿਆ ਕਿ ਟੀ.ਬੀ. ਦੇ ਹਰੇਕ ਮਰੀਜ਼ ਦਾ ਮੁਫਤ ਇਲਾਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਕਮਿਊਨਿਟੀ ਵਿੱਚ ਜਾਗਰੂਕਤਾ ਫੈਲਾਈ ਜਾਵੇਗੀ ਕਿ ਟੀਬੀ ਦੀ ਬਿਮਾਰੀ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਜੇਕਰ ਇਸਦਾ ਸਮੇਂ ਸਿਰ ਪਤਾ ਲੱਗ ਜਾਵੇ, ਤਾਂ ਇਸਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਅੱਜ ਤੱਕ, ਟੀਬੀ ਹੋਣ ਤੋਂ ਬਾਅਦ ਬਹੁਤ ਸਾਰੇ ਮਰੀਜ਼ ਦਵਾਈਆਂ ਨਾਲ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਬਲਾਕ ਬਲਾਚੌਰ ਵਿੱਚ ਇਲਾਜ ਦੀ ਸਹੂਲਤ ਉਪਲੱਬਧ ਹੈ, ਜਿਸਦਾ ਟੀਬੀ ਦੇ ਮਰੀਜ਼ਾਂ ਨੂੰ ਬਹੁਤ ਫਾਇਦਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਦੇਸ਼ ਨੂੰ ਤਪਦਿਕ ਮੁਕਤ ਬਣਾਉਣ ਲਈ ਸਿਹਤ ਵਿਭਾਗ ਪੰਜਾਬ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਵੇਂ ਟੀ.ਬੀ. ਇੱਕ ਲਾਗ (ਛੂਤ) ਦੀ ਬਿਮਾਰੀ ਹੈ, ਪਰ ਜੇਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਅਤੇ ਪੂਰਾ ਇਲਾਜ ਕਰਵਾਇਆ ਜਾਵੇ ਤਾਂ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਹ ਵੱਡਾ ਤੇ ਆਮ ਭੁਲੇਖਾ ਹੈ ਕਿ ਟੀ.ਬੀ. ਮੌਤ ਦਾ ਕਾਰਨ ਬਣਦੀ ਹੈ, ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਬਿਮਾਰੀ ਦੇ ਅੱਗੇ ਫੈਲਣ ਤੋਂ ਰੁਕ ਜਾਂਦੀ ਹੈ। ਟੀ.ਬੀ. ਨੂੰ ਖਤਮ ਕਰਨ ਲਈ ਸਮੂਹਿਕ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਇੱਕ ਜਨ ਅੰਦੋਲਨ ਦੀ ਲੋੜ ਹੈ, ਜਿਸ ਵਿੱਚ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ।
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਮੀਟਿੰਗ ਵਿਚ ਸਿਹਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਾਰੇ ਸਿਹਤ ਪ੍ਰੋਗਰਾਮਾਂ ਦੇ ਬਣਦੇ ਟੀਚੇ ਮਿਥੇ ਸਮੇਂ ’ਚ ਪੂਰੇ ਕਰਨੇ ਸਾਡੀ ਜ਼ਿੰਮੇਵਾਰੀ ਹੈ, ਜਿਨ੍ਹਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਨਦੀਪ ਕਮਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰੀਸ਼ ਕਿਰਪਾਲ, ਸੀਨੀਅਰ ਮੈਡੀਕਲ ਅਫਸਰ, ਡਾ. ਸਤਵਿੰਦਰਪਾਲ ਸਿੰਘ, ਡਾ. ਸੋਨੀਆ, ਡਾ. ਜਸਵਿੰਦਰ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਕੇਸ਼ ਪਾਲ, ਡਾ. ਚਰਨਜੀਤ ਕੁਮਾਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਜ਼ਿਲ੍ਹਾ ਨਿਗਰਾਨੀ ਤੇ ਮੁਲਾਂਕਣ ਅਫਸਰ ਗੁਰਪ੍ਰੀਤ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।