ਸ੍ਰੀ ਨਨਕਾਣਾ ਸਾਹਿਬ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਮਾਗਮਾਂ ਦੇ ਚੱਲਦਿਆਂ ਬੀਤੀ ਰਾਤ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਜਥੇਦਾਰ ਗੜਗੱਜ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਨਾਲ ਜੁੜਨ ਦੀ ਪ੍ਰੇਰਨਾ ਕੀਤੀ।
ਜਥੇਦਾਰ ਗੜਗੱਜ ਨੇ ਸਿੰਧੀ ਭਾਈਚਾਰੇ ਨਾਲ ਸਬੰਧਤ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਆਪਣੀ ਪਹਿਲੀ ਰਵਾਇਤ ਅਨੁਸਾਰ ਪਰਿਵਾਰਾਂ ਵਿੱਚੋਂ ਪਹਿਲਾ ਬੱਚਾ ਸਾਬਤ ਸੂਰਤ ਸਿੱਖ ਜ਼ਰੂਰ ਬਣਾਈਏ। ਉਨ੍ਹਾਂ ਕਿਹਾ ਜਿਹੜੇ ਚੜ੍ਹਦੇ ਪੰਜਾਬ ਵਾਲੇ ਸਿੱਖ ਨੌਜਵਾਨਾਂ ਕੇਸ ਕਤਲ ਕਰਦੇ ਹਨ ਉਹ ਪਾਕਿਸਤਾਨ ਦੇ ਸਿੱਖਾਂ ਤੋਂ ਸਿੱਖਿਆ ਜ਼ਰੂਰ ਲੈਣ ਕਿ ਇਨ੍ਹਾਂ ਨੇ ਔਖੇ ਤੋਂ ਔਖੇ ਹਾਲਾਤ ਵਿੱਚ ਵੀ ਸਿੱਖੀ ਨਹੀਂ ਛੱਡੀ ਅਤੇ ਕੋਈ ਵੀ ਸਿੱਖ ਇੱਥੇ ਕੇਸ ਕਤਲ ਨਹੀਂ ਕਰਦਾ। ਉਨ੍ਹਾਂ ਚੜ੍ਹਦੇ ਪੰਜਾਬ ਤੋਂ ਆਈ ਸੰਗਤ ਨੂੰ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਤੋਂ ਪਿਸ਼ੌਰੀ ਅਤੇ ਸਿੰਧੀ ਸੰਗਤ ਪਾਸੋਂ ਸੇਵਾ ਤੇ ਸ਼ਰਧਾ ਦਾ ਪ੍ਰੇਰਣਾ ਜ਼ਰੂਰ ਲੈ ਕੇ ਜਾਣ ਜੋ ਬਹੁਤ ਹੀ ਪ੍ਰੇਮ ਨਾਲ ਗੁਰਪੁਰਬ ਮੌਕੇ ਵੱਡੀਆਂ ਸੇਵਾਵਾਂ ਨਿਭਾਉਂਦੇ ਹਨ।
ਇਸ ਦੌਰਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਪੁੱਜੀਆਂ ਸਿੱਖ ਸੰਗਤਾਂ ਨਾਲ ਮੁਲਾਕਾਤ ਕੀਤੀ। ਸੰਗਤਾਂ ਦੇ ਮਨਾਂ ਵਿੱਚ ਬਹੁਤ ਚਾਅ ਅਤੇ ਉਤਸ਼ਾਹ ਹੈ ਕਿ ਆਪਣੇ ਵਿਛੜੇ ਹੋਏ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਉਨ੍ਹਾਂ ਨੂੰ ਮੌਕਾ ਮਿਲਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਪੁੱਜੀਆਂ ਹਨ। ਸੰਗਤ ਨੇ ਅਰਦਾਸ ਕੀਤੀ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਅਤੇ ਉਨ੍ਹਾਂ ਨੂੰ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰੇ ਪ੍ਰਾਪਤ ਹੋਣ।