ਸੋਮਨਾਥ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ 'ਸੋਮਨਾਥ ਸਵਾਭਿਮਾਨ ਪਰਵ' ਦੇ ਜਸ਼ਨਾਂ ਦੇ ਹਿੱਸੇ ਵਜੋਂ ਗੁਜਰਾਤ ਦੇ ਇਤਿਹਾਸਕ ਸੋਮਨਾਥ ਮੰਦਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਵੈਦਿਕ ਮੰਤਰਾਂ ਦੇ ਉਚਾਰਨ ਵਿਚਕਾਰ ਭਗਵਾਨ ਸੋਮਨਾਥ ਦਾ 'ਅਭਿਸ਼ੇਕ' ਕੀਤਾ ਅਤੇ 'ਆਰਤੀ' ਉਤਾਰੀ। ਪੂਜਾ ਤੋਂ ਬਾਅਦ ਪੀਐੱਮ ਮੋਦੀ ਨੇ ਮੰਦਰ ਦੇ ਪੁਜਾਰੀਆਂ, ਪ੍ਰਸ਼ਾਸਨ ਅਤੇ ਗੁਰੂਕੁਲ ਦੇ ਬੱਚਿਆਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਵੀਰ ਹਮੀਰਜੀ ਗੋਹਿਲ ਅਤੇ ਸਰਦਾਰ ਵੱਲਭਭਾਈ ਪਟੇਲ ਦੀਆਂ ਮੂਰਤੀਆਂ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਕਰਯੋਗ ਹੈ ਕਿ ਵੀਰ ਹਮੀਰਜੀ ਗੋਹਿਲ ਨੇ 1299 ਈਸਵੀ 'ਚ ਜ਼ਫ਼ਰ ਖਾਨ ਦੇ ਹਮਲੇ ਦੌਰਾਨ ਮੰਦਰ ਦੀ ਰਾਖੀ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।
1000 ਸਾਲਾਂ ਦੇ ਸੰਘਰਸ਼ ਅਤੇ ਵਿਸ਼ਵਾਸ ਦੀ ਯਾਦ
ਇਹ ਸਮਾਗਮ ਜਨਵਰੀ 1026 'ਚ ਮਹਿਮੂਦ ਗਜ਼ਨਵੀ ਦੁਆਰਾ ਸੋਮਨਾਥ ਮੰਦਰ 'ਤੇ ਕੀਤੇ ਗਏ ਪਹਿਲੇ ਹਮਲੇ ਤੋਂ ਬਾਅਦ 1,000 ਸਾਲਾਂ ਦੇ ਅਟੁੱਟ ਵਿਸ਼ਵਾਸ ਅਤੇ ਲਚਕੀਲੇਪਣ ਦੀ ਯਾਦ 'ਚ ਮਨਾਇਆ ਜਾ ਰਿਹਾ ਹੈ। ਭਾਵੇਂ ਇਤਿਹਾਸ 'ਚ ਇਸ ਮੰਦਰ ਨੂੰ ਵਾਰ-ਵਾਰ ਨਸ਼ਟ ਕੀਤਾ ਗਿਆ, ਪਰ ਹਰ ਵਾਰ ਇਸ ਦਾ ਪੁਨਰ-ਨਿਰਮਾਣ ਹੋਇਆ, ਜੋ ਵਿਸ਼ਵ ਇਤਿਹਾਸ 'ਚ ਵਿਲੱਖਣ ਹੈ।
ਯਾਤਰਾ ਦੇ ਮੁੱਖ ਆਕਰਸ਼ਣ
ਸ਼ੌਰਿਆ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਵੀ ਮੌਜੂਦ ਸਨ। ਇਸ ਪ੍ਰਤੀਕਾਤਮਕ ਜਲੂਸ 'ਚ ਪ੍ਰਧਾਨ ਮੰਤਰੀ ਨੇ ਸੰਖ ਵਜਾ ਕੇ ਇਕੱਠੇ ਹੋਏ ਲੋਕਾਂ ਦਾ ਅਭਿਵੰਦਨ ਸਵੀਕਾਰ ਕੀਤਾ। ਇਸ ਮੌਕੇ ਗੁਜਰਾਤ ਪੁਲਸ ਦੀ ਮਾਊਂਟਡ ਯੂਨਿਟ ਦੇ 108 ਘੋੜਿਆਂ ਨੇ ਵੀ ਹਿੱਸਾ ਲਿਆ।
ਸਰਦਾਰ ਪਟੇਲ ਦਾ ਸੰਕਲਪ ਅਤੇ ਮੌਜੂਦਾ
ਮੰਦਰ ਇਤਿਹਾਸਕ ਹਵਾਲਿਆਂ ਅਨੁਸਾਰ, 12 ਨਵੰਬਰ 1947 ਨੂੰ ਸਰਦਾਰ ਵੱਲਭਭਾਈ ਪਟੇਲ ਨੇ ਮੰਦਰ ਦੇ ਖੰਡਰਾਂ ਦਾ ਦੌਰਾ ਕਰਕੇ ਇਸ ਨੂੰ ਮੁੜ ਬਣਾਉਣ ਦਾ ਸੰਕਲਪ ਲਿਆ ਸੀ। ਜਨਤਕ ਸਹਿਯੋਗ ਨਾਲ ਬਣੇ ਇਸ ਮੌਜੂਦਾ ਮੰਦਰ ਦੀ ਸਥਾਪਨਾ 11 ਮਈ 1951 ਨੂੰ ਸਾਬਕਾ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਦੀ ਮੌਜੂਦਗੀ 'ਚ ਹੋਈ ਸੀ। ਸਾਲ 2026 'ਚ ਇਸ ਇਤਿਹਾਸਕ ਸਥਾਪਨਾ ਦੇ 75 ਸਾਲ ਪੂਰੇ ਹੋ ਰਹੇ ਹਨ। ਭਗਵਾਨ ਸ਼ਿਵ ਦੇ 12 ਆਦਿ ਜਯੋਤੀਲਿੰਗਾਂ 'ਚੋਂ ਪਹਿਲਾ ਮੰਨਿਆ ਜਾਣ ਵਾਲਾ ਇਹ ਮੰਦਰ, ਆਪਣੇ 150 ਫੁੱਟ ਉੱਚੇ ਸ਼ਿਖਰ ਦੇ ਨਾਲ, ਭਾਰਤ ਦੇ ਸੱਭਿਆਚਾਰਕ ਆਤਮ-ਵਿਸ਼ਵਾਸ ਅਤੇ ਰਾਸ਼ਟਰੀ ਸੰਕਲਪ ਦਾ ਪ੍ਰਤੀਕ ਹੈ।