ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਦੀ ਲੰਡਨ ਦੇ ਆਲੀਸ਼ਾਨ ਇਲਾਕੇ 'ਨੌਟਿੰਗ ਹਿਲ' ਵਿੱਚ ਸਥਿਤ ਜਾਇਦਾਦ ਨੂੰ ਲੈ ਕੇ ਗੁਆਂਢੀਆਂ ਨਾਲ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਸੋਨਮ ਅਤੇ ਆਨੰਦ ਨਾਲ ਜੁੜੀ ਇਕ ਕੰਪਨੀ ਨੇ ਹਵੇਲੀ ਦੇ ਕੋਲ ਹੀ 51 ਕਰੋੜ ਰੁਪਏ ਦੀ ਕੀਮਤ ਦੇ 5 ਹੋਰ ਫਲੈਟ ਖਰੀਦੇ ਹਨ, ਜਿਨ੍ਹਾਂ ਦੀ ਵਰਤੋਂ ਕਥਿਤ ਤੌਰ 'ਤੇ ਉਨ੍ਹਾਂ ਦੇ ਨੌਕਰਾਂ ਅਤੇ ਸਟਾਫ ਦੇ ਰਹਿਣ ਲਈ ਕੀਤੀ ਜਾਣੀ ਹੈ।
ਸਥਾਨਕ ਲੋਕਾਂ ਨੇ ਇਸ ਕਦਮ 'ਤੇ ਇਤਰਾਜ਼ ਜਤਾਇਆ ਹੈ। ਗੁਆਂਢੀਆਂ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ, ਤਾਂ ਕੰਪਨੀ ਦੇ ਬੁਲਾਰੇ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਚੁੱਪ ਨਾ ਹੋਏ ਤਾਂ ਇਨ੍ਹਾਂ ਫਲੈਟਾਂ ਨੂੰ 'ਸੋਸ਼ਲ ਹਾਊਸਿੰਗ' (ਘੱਟ ਆਮਦਨ ਵਾਲੇ ਲੋਕਾਂ ਲਈ ਰਿਹਾਇਸ਼) ਲਈ ਉਪਲਬਧ ਕਰਵਾ ਦਿੱਤਾ ਜਾਵੇਗਾ। ਲੋਕਾਂ ਅਨੁਸਾਰ ਇਹ ਇੱਕ ਅਜੀਬ ਧਮਕੀ ਹੈ ਕਿਉਂਕਿ ਇਸ ਨਾਲ ਇਲਾਕੇ ਦੀ ਪ੍ਰਾਪਰਟੀ ਦੀਆਂ ਕੀਮਤਾਂ ਡਿੱਗ ਸਕਦੀਆਂ ਹਨ।
ਸੋਨਮ ਅਤੇ ਆਨੰਦ ਦੇ ਬੁਲਾਰੇ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਪੂਰ ਪਰਿਵਾਰ ਦਾ ਇਹ ਫਲੈਟ ਖਰੀਦਣ ਵਾਲੀ ਕੰਪਨੀ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਅਤੇ ਇਹ ਪ੍ਰਾਪਰਟੀ ਸਿਰਫ਼ ਨਿਵੇਸ਼ ਦੇ ਮਕਸਦ ਨਾਲ ਖਰੀਦੀ ਗਈ ਹੈ।