ਜਲੰਧਰ : ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਐਕਟਿਵ ਹੋ ਗਏ ਹਨ। ਨਵਜੋਤ ਸਿੰਘ ਸਿੱਧੂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ 'ਬਰੋਟਾ' 'ਤੇ 36 ਸੈਕਿੰਡ ਦੀ ਰੀਲ ਤਿਆਰ ਕੀਤੀ ਹੈ। ਇਸ ਰੀਲ ਵਿਚ ਨਵਜੋਤ ਸਿੱਧੂ ਨੇ ਆਪਣੀਆਂ ਵੱਖਰੀਆਂ-ਵੱਖਰੀਆਂ ਤਸਵੀਰਾਂ ਅਤੇ ਵੀਡੀਓ ਸ਼ਾਮਲ ਕੀਤੀ ਹੈ।
ਸਾਂਝੀ ਕੀਤੀ ਗਈ ਰੀਲ ਵਿਚ ਖ਼ਾਸ ਗੱਲ ਇਹ ਹੈ ਕਿ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਇਸ ਵਿਚ #justiceforsidhumoosewala ਦਾ ਹੈਸ਼ਟੈਗ ਦਿੱਤਾ ਹੈ। ਸਿੱਧੂ ਮੂਸੇਵਾਲਾ ਦਾ ਗੀਤਾ ਬਰੋਟਾ ਹਾਲ ਹੀ ਵਿਚ ਰਿਲੀਜ਼ ਹੋਇਆ ਹੈ, ਜਿਸ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਥੇ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਵਿਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਹਾਲਾਂਕਿ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਨੂੰ ਸਜ਼ਾ ਨਹੀਂ ਹੋਈ ਹੈ।
ਨਵਜੋਤ ਸਿੰਘ ਸਿੱਧੂ ਨੇ ਭਾਵੇਂ ਪੰਜਾਬ ਦੀ ਰਾਜਨੀਤੀ ਤੋਂ ਬਹੁਤ ਦੂਰੀ ਬਣਾਈ ਰੱਖੀ ਹੈ ਪਰ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਦੇ-ਕਦੇ ਪੰਜਾਬ ਦੀ ਰਾਜਨੀਤੀ ਵਿੱਚ ਵਿਖਾਈ ਦੇ ਰਹੇ ਹਨ। ਮੂਸੇਵਾਲਾ ਦੇ ਬਹਾਨੇ ਸਿੱਧੂ ਨੇ ਇਕ ਵਾਰ ਕੋਸ਼ਿਸ਼ ਕੀਤੀ ਹੈ ਕਿ ਟੈਲੀਵਿਜ਼ਨ ਅਤੇ ਕ੍ਰਿਕਟ 'ਤੇ ਆਪਣੇ ਵਿਅਸਤ ਸ਼ਡਿਊਲ ਦੇ ਬਾਵਜੂਦ ਪੰਜਾਬ ਦੇ ਮੁੱਦਿਆਂ 'ਤੇ ਉਨ੍ਹਾਂ ਦੀ ਪੂਰੀ ਨਜ਼ਰ ਹੈ।
ਇਸ ਤੋਂ ਪਹਿਲਾਂ ਉਹ ਪਟਿਆਲਾ ਵਿੱਚ ਲੋਕਾਂ ਨੂੰ ਮਿਲਦੇ ਵੇਖੇ ਗਏ ਸਨ। ਉਨ੍ਹਾਂ ਨੇ ਦਿੱਲੀ ਵਿੱਚ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਦੀ ਆਪਣੀ ਇਕ ਤਸਵੀਰ ਵੀ ਜਾਰੀ ਕੀਤੀ ਸੀ। ਇਹੀ ਕਾਰਨ ਹੈ ਕਿ ਜਦੋਂ ਵੀ ਕਾਂਗਰਸੀ ਮੈਂਬਰ ਸੋਚਦੇ ਹਨ ਕਿ ਸਿੱਧੂ ਪੰਜਾਬ ਦੀ ਰਾਜਨੀਤੀ ਤੋਂ ਪਿੱਛੇ ਹਟ ਗਏ ਹਨ ਤਾਂ ਉਹ ਕਿਸੇ ਨਾ ਕਿਸੇ ਅਜਿਹੇ ਕਦਮ ਨਾਲ ਸਾਹਮਣੇ ਆਉਂਦੇ ਹਨ, ਜੋ ਕਾਂਗਰਸੀਆਂ ਨੂੰ ਹੈਰਾਨ ਕਰ ਦਿੰਦਾ ਹੈ।