ਚੋਣ ਕਮਿਸ਼ਨ ਨੇ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਜਨਰਲ ਅਲਫ਼ਾ’ ਅਤੇ ‘ਜਨਰਲ ਜੀ’ ਤੱਕ ਪਹੁੰਚ ਕਰਨ ਲਈ ਨਵੇਂ ਸਿਰੇ ਤੋਂ ਯਤਨ ਸ਼ੁਰੂ ਕੀਤੇ ਹਨ। ਇਸ ਦਾ ਮੰਤਵ ਉਨ੍ਹਾਂ ਨੂੰ ਜਾਗਰੂਕ ਵੋਟਰ ਬਣਨ ਤੇ ਭਵਿੱਖ ’ਚ ਲੋਕਾਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨ ਲਈ ਮੁਹਿੰਮਾਂ ਦੀ ਅਗਵਾਈ ਲਈ ਸ਼ਕਤੀਆਂ ਪ੍ਰਦਾਨ ਕਰਨਾ ਹੈ। ਸਾਲ 1997 ਤੋਂ 2012 ਦਰਮਿਆਨ ਪੈਦਾ ਹੋਏ ਲੋਕਾਂ ਨੂੰ ‘ਜਨਰਲ ਜੀ’ ਤੇ 2013 ਤੋਂ 2025 ਦਰਮਿਆਨ ਪੈਦਾ ਹੋਏ ਲੋਕਾਂ ਨੂੰ ‘ਜਨਰਲ ਅਲਫ਼ਾ’ ਕਿਹਾ ਜਾਂਦਾ ਹੈ। ਆਪਣੀ ਨਵੀਂ ਮੁਹਿੰਮ ਅਧੀਨ ਕਮਿਸ਼ਨ ਦੇਸ਼ ਦੇ 4123 ਵਿਧਾਨ ਸਭਾ ਹਲਕਿਆਂ ’ਚ 9ਵੀਂ ਤੋਂ 12ਵੀਂ ਜਮਾਤ ਦੇ ਸਕੂਲੀ ਵਿਦਿਆਰਥੀਆਂ ਦੇ ਨਾਲ-ਨਾਲ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਕੇਂਦ੍ਰਿਤ ਕਰੇਗਾ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਅਨੁਸਾਰ 18 ਤੋਂ 26 ਸਾਲ ਦੀ ਉਮਰ ਗਰੁੱਪ ਚ ਕੁੱਲ 14.78 ਕਰੋੜ ਲੋਕ ਹਨ ਜਿਨ੍ਹਾਂ ’ਚ 7.98 ਕਰੋੜ ਮਰਦ, 6.79 ਕਰੋੜ ਔਰਤਾਂ ਤੇ 9,000 ਤੀਜੇ ਲਿੰਗ ਵਾਲੇ ਹਨ। ਕਮਿਸ਼ਨ ਹਰੇਕ ਵਿਧਾਨ ਸਭਾ ਹਲਕੇ ’ਚ 10 ਦੇ ਹਿਸਾਬ ਨਾਲ ਕੁੱਲ 50,000 ਇਲੈਕਟੋਰਲ ਲਿਟਰੇਸੀ ਕਲੱਬ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਲਈ 15 ਲੱਖ ਸਕੂਲਾਂ ’ਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਸੰਪਰਕ ਕੀਤਾ ਜਾਵੇਗਾ। ਇਸ ਤੋਂ ਇਲਾਵਾ 70,000 ਕਾਲਜਾਂ ਤੇ 1400 ਯੂਨੀਵਰਸਿਟੀਆਂ ਤੱਕ ਪਹੁੰਚ ਕੀਤੀ ਜਾਵੇਗੀ। ਇਲੈਕਟੋਰਲ ਲਿਟਰੇਸੀ ਕਲੱਬ ਦੀ ਸਥਾਪਨਾ 2018 ’ਚ ਸਿਸਟਮੈਟਿਕ ਵੋਟਰ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ ਪ੍ਰੋਗਰਾਮ ਅਧੀਨ ਕੀਤੀ ਗਈ ਸੀ। ਉਨ੍ਹਾਂ ਦਾ ਮੰਤਵ ਵਿਦਿਆਰਥੀਆਂ ਨੂੰ ਲੋਕਰਾਜੀ ਕਦਰਾਂ-ਕੀਮਤਾਂ, ਚੋਣ ਪ੍ਰਕਿਰਿਆ ਤੇ ਚੋਣ ਕਮਿਸ਼ਨ ਦੀ ਭੂਮਿਕਾ ਤੇ ਕੰਮਕਾਜ ਤੋਂ ਜਾਣੂ ਕਰਵਾਉਣਾ ਹੈ।