ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਬਣੀ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਯੂਨੀਸੇਫ਼ ਇੰਡੀਆ ਦੁਆਰਾ 'ਸੈਲੇਬ੍ਰਿਟੀ ਐਡਵੋਕੇਟ' ਨਿਯੁਕਤ ਕੀਤਾ ਗਿਆ ਹੈ। ਇਹ ਐਲਾਨ ਐਤਵਾਰ ਨੂੰ 'ਅੰਤਰਰਾਸ਼ਟਰੀ ਬਾਲੜੀ ਦਿਵਸ' ਦੇ ਮੌਕੇ 'ਤੇ ਕੀਤਾ ਗਿਆ, ਜਿਸ ਦਾ ਮਕਸਦ ਕਿਸ਼ੋਰ ਲੜਕੀਆਂ ਦੇ ਅਧਿਕਾਰਾਂ, ਸੁਰੱਖਿਆ, ਸਿਹਤ ਅਤੇ ਬਰਾਬਰ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਹੈ। ਆਪਣੀ ਇਸ ਨਵੀਂ ਭੂਮਿਕਾ ਵਿੱਚ ਮੰਧਾਨਾ ਲੜਕੀਆਂ ਨੂੰ ਸਸ਼ਕਤ ਬਣਾਉਣ, ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਕਰਨ ਅਤੇ ਪੜ੍ਹਨ, ਖੇਡਣ ਤੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨ ਲਈ ਯੂਨੀਸੇਫ਼ ਦੇ ਯਤਨਾਂ ਦਾ ਸਮਰਥਨ ਕਰੇਗੀ।
ਇਸ ਨਿਯੁਕਤੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਅਰਜੁਨ ਐਵਾਰਡ ਜੇਤੂ ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਯੂਨੀਸੇਫ਼ ਇੰਡੀਆ ਨਾਲ ਜੁੜਨਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਖੇਡਦਿਆਂ ਉਨ੍ਹਾਂ ਨੇ ਸਿੱਖਿਆ ਹੈ ਕਿ ਹਰ ਸੁਪਨਾ ਇੱਕ ਮੌਕੇ ਤੋਂ ਸ਼ੁਰੂ ਹੁੰਦਾ ਹੈ ਅਤੇ ਹਰੇਕ ਬੱਚਾ ਵੱਡੇ ਸੁਪਨੇ ਦੇਖਣ ਤੇ ਆਪਣੀ ਪੂਰੀ ਸਮਰੱਥਾ ਤੱਕ ਪਹੁੰਚਣ ਦਾ ਹੱਕਦਾਰ ਹੈ। ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਦੇ ਅਹੁਦਾ ਛੱਡਣ ਤੋਂ ਬਾਅਦ ਮੰਧਾਨਾ ਨੂੰ ਇਸੇ ਹਫ਼ਤੇ ਭਾਰਤੀ ਮਹਿਲਾ ਟੀਮ ਦੀ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਯੂਨੀਸੇਫ਼ ਦੇ ਦੱਖਣੀ ਏਸ਼ੀਆ ਲਈ ਖੇਤਰੀ ਰਾਜਦੂਤ ਅਤੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਮੰਧਾਨਾ ਦਾ ਯੂਨੀਸੇਫ਼ ਪਰਿਵਾਰ ਵਿੱਚ ਸਵਾਗਤ ਕੀਤਾ। ਤੇਂਦੁਲਕਰ ਨੇ ਲਿਖਿਆ ਕਿ ਮੰਧਾਨਾ ਮੈਦਾਨ 'ਤੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ ਅਤੇ ਉਹ ਮੈਦਾਨ ਤੋਂ ਬਾਹਰ ਵੀ ਬੱਚਿਆਂ ਦੇ ਅਧਿਕਾਰਾਂ ਲਈ ਇੱਕ ਬਿਹਤਰੀਨ ਆਵਾਜ਼ ਬਣੇਗੀ।