ਨਵੀਂ ਦਿੱਲੀ : ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ ਆਪਣਾ ਨਵਾਂ ਵਿੱਦਿਅਕ ਪ੍ਰੋਗਰਾਮ ਲਾਗੂ ਕਰ ਦਿੱਤਾ ਹੈ, ਜਿਸ ਦੇ ਤਹਿਤ ਵਿੱਦਿਅਕ ਸੈਸ਼ਨ 2026-27 ਤੋਂ ਜਮਾਤ 9ਵੀਂ ਲਈ ਗਣਿਤ ਅਤੇ ਵਿਗਿਆਨ ਦੀ ਦੋ-ਪੱਧਰੀ ਪ੍ਰਣਾਲੀ ਅਤੇ ਜਮਾਤ 6ਵੀਂ ਤੋਂ ਤਿੰਨ-ਭਾਸ਼ਾ ਫਾਰਮੂਲੇ ਦਾ ਪੜਾਅਵਾਰ ਅਮਲ ਸ਼ੁਰੂ ਕੀਤਾ ਜਾਵੇਗਾ। ਸੀ. ਬੀ. ਐੱਸ. ਈ. ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ 2026 ਤੋਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.) ਦੇ ਤਹਿਤ ਲਾਜ਼ਮੀ ਤਿੰਨ-ਭਾਸ਼ਾ ਫਾਰਮੂਲਾ ਜਮਾਤ 6ਵੀਂ ਲਈ ਲਾਗੂ ਕੀਤਾ ਜਾਵੇਗਾ, ਜਦੋਂ ਕਿ ਜਮਾਤ 9ਵੀਂ ਲਈ ਗਣਿਤ ਅਤੇ ਵਿਗਿਆਨ ਵਿਚ ਲਾਜ਼ਮੀ ਮਿਆਰੀ (ਸਟੈਂਡਰਡ) ਅਤੇ ਵਿਕਲਪੀ ਉੱਨਤ (ਐਡਵਾਂਸਡ) ਕੋਰਸਾਂ ਦੀ ਦੋ-ਪੱਧਰੀ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਭਾਸ਼ਾਵਾਂ ਨੂੰ ਤਿੰਨ ਪੜਾਵਾਂ- ਆਰ1, ਆਰ2 ਅਤੇ ਆਰ3-ਵਿਚ ਇਕ ਸੁਚੱਜੇ ਤਿੰਨ-ਭਾਸ਼ਾ ਢਾਂਚੇ ਦੇ ਤਹਿਤ ਵਿਵਸਥਿਤ ਕੀਤਾ ਗਿਆ ਹੈ। ਨਵੇਂ ਰਾਸ਼ਟਰੀ ਪਾਠਕ੍ਰਮ ਢਾਂਚੇ (ਐੱਨ. ਸੀ. ਐੱਫ.) ਦੀਆਂ ਸਿਫ਼ਾਰਸ਼ਾਂ ਅਨੁਸਾਰ, ਇਨ੍ਹਾਂ ਤਿੰਨ ਭਾਸ਼ਾਵਾਂ ਵਿਚੋਂ ਦੋ ਭਾਰਤ ਦੀਆਂ ਮੂਲ ਭਾਸ਼ਾਵਾਂ ਹੋਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾ ਕਿ ਬਹੁ-ਭਾਸ਼ਾਈ ਸਿੱਖਿਆ ਦੇ ਪੜਾਅਵਾਰ ਅਮਲ ਦੇ ਬੋਰਡ ਦੇ ਯਤਨਾਂ ਨੂੰ ਜਾਰੀ ਰੱਖਦੇ ਹੋਏ ਵਿੱਦਿਅਕ ਸੈਸ਼ਨ 2026-27 ਤੋਂ ਜਮਾਤ 6ਵੀਂ ਤੋਂ ਤੀਜੀ ਭਾਸ਼ਾ ਨੂੰ ਲਾਜ਼ਮੀ ਕਰ ਦਿੱਤਾ ਜਾਵੇਗਾ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਹਰੇਕ ਵਿਦਿਆਰਥੀ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਦਾ ਅਧਿਐਨ ਕਰੇ। ਅਧਿਕਾਰੀ ਮੁਤਾਬਕ, ਹਾਲਾਂਕਿ, ਇਕ ਸਮਾਨ ਭਾਸ਼ਾ ਯੋਜਨਾ ਨੂੰ ਅਪਣਾਉਣਾ ਵਾਂਝੇ ਤੌਰ ’ਤੇ ਜ਼ਰੂਰੀ ਹੈ, ਪਰ ਜੇਕਰ ਕੋਈ ਵਿਦਿਆਰਥੀ ਵਿਦੇਸ਼ ਦੇ ਕਿਸੇ ਸਕੂਲ ਤੋਂ ਪੜ੍ਹ ਕੇ ਆਇਆ ਹੈ ਅਤੇ ਉਸ ਨੇ ਉੱਥੇ ਜਮਾਤ 8ਵੀਂ ਜਾਂ 9ਵੀਂ ਤੱਕ ਜੋ ਤੀਜੀ ਭਾਸ਼ਾ ਪੜ੍ਹੀ ਸੀ, ਉਹ ਭਾਰਤ ਦੇ ਸਕੂਲਾਂ ਵਿਚ ਉਪਲਬਧ ਨਹੀਂ ਹੈ, ਤਾਂ ਅਜਿਹੇ ਖ਼ਾਸ ਮਾਮਲਿਆਂ ਵਿਚ ਉਸ ਨੂੰ ਨਿਰਧਾਰਤ ਮਾਪਦੰਡਾਂ ਅਨੁਸਾਰ ਛੋਟ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਇਨ੍ਹਾਂ ਵਿਦਿਆਰਥੀਆਂ ਲਈ ਕੁੱਲ ਓਨੇ ਵਿਸ਼ਿਆਂ ਨੂੰ ਪੜ੍ਹਨਾ ਲਾਜ਼ਮੀ ਹੋਵੇਗਾ, ਜਿੰਨੇ ਅਧਿਐਨ ਯੋਜਨਾ ਵਿਚ ਨਿਰਧਾਰਤ ਕੀਤੇ ਗਏ ਹਨ।
ਅਧਿਕਾਰੀ ਅਨੁਸਾਰ, ਜਮਾਤ 9ਵੀਂ ਲਈ ਵਿੱਦਿਅਕ ਸੈਸ਼ਨ 2026-27 ਤੋਂ ਗਣਿਤ ਅਤੇ ਵਿਗਿਆਨ ਦੀ ਦੋ-ਪੱਧਰੀ ਪ੍ਰਣਾਲੀ ਸ਼ੁਰੂ ਹੋਣ ਨਾਲ ਦੋਵਾਂ ਵਿਸ਼ਿਆਂ ਵਿਚ ਇਕ ਵੱਡਾ ਸੰਰਚਨਾਤਮਕ ਬਦਲਾਅ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀ ਮਿਆਰੀ ਪਾਠਕ੍ਰਮ ਦਾ ਅਧਿਐਨ ਕਰਨਗੇ ਅਤੇ 3 ਘੰਟੇ ਦੀ 80 ਅੰਕਾਂ ਦੀ ਇਕ ਸਮਾਨ ਪ੍ਰੀਖਿਆ ਵਿਚ ਸ਼ਾਮਲ ਹੋਣਗੇ। ਉੱਚ ਮੁਹਾਰਤ ਦੀ ਚੋਣ ਕਰਨ ਵਾਲੇ ਵਿਦਿਆਰਥੀ ਕਿਸੇ ਇਕ ਜਾਂ ਦੋਵਾਂ ਵਿਸ਼ਿਆਂ ਵਿਚ ਇਕ ਵਾਧੂ ‘ਐਡਵਾਂਸਡ’ ਪੱਧਰ ਚੁਣ ਸਕਦੇ ਹਨ। ਇਸ ਪੱਧਰ ਵਿਚ ਇਕ ਘੰਟੇ ਦਾ 25 ਅੰਕਾਂ ਦਾ ਇਕ ਹੋਰ ਪ੍ਰਸ਼ਨ ਪੱਤਰ ਹੱਲ ਕਰਨਾ ਹੋਵੇਗਾ, ਜਿਸ ਨੂੰ ਉੱਚ-ਪੱਧਰੀ ਬੌਧਿਕ ਹੁਨਰ ਅਤੇ ਡੂੰਘੀ ਵਿਚਾਰਧਾਰਕ ਸਮਝ ਨੂੰ ਮਾਪਣ ਲਈ ਤਿਆਰ ਕੀਤਾ ਗਿਆ ਹੈ।