(ਮਨੋਰੰਜਨ ਕਾਲੀਆ)
ਸ਼ਹੀਦ ਭਗਤ ਸਿੰਘ ਨਗਰ, ਸ਼ਿਵ ਚੰਦ ਪਬਲਿਕ ਹਾਈ ਸਕੂਲ, ਸਕੋਹਪੁਰ ਲਈ 15 ਜੁਲਾਈ 2025 ਦਾ ਦਿਨ ਇਤਿਹਾਸਕ ਰਿਹਾ। ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ “ਮੇਰੀ ਪਿਆਰੀ ਦਾਦੀ” ਦੀ ਪੂਰੀ ਸਟਾਰਕਾਸਟ ਸਕੂਲ ਪਹੁੰਚੀ, ਜਿਸ ਨਾਲ ਵਿਦਿਆਰਥੀਆਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਫਿਲਮ 11 ਜੁਲਾਈ 2025 ਨੂੰ ਰਿਲੀਜ਼ ਹੋਈ ਸੀ ਅਤੇ ਆਪਣੇ ਸਮਾਜਿਕ ਸੰਦੇਸ਼ ਕਰਕੇ ਲੋਕਾਂ ਵਿਚ ਕਾਫੀ ਚਰਚਾ ਦਾ ਕੇਂਦਰ ਬਣੀ ਹੋਈ ਹੈ।
ਇਸ ਵਿਸ਼ੇਸ਼ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਮਾਣਯੋਗ ਸ਼੍ਰੀ ਸੁਖੀ ਬਾਠ, ਜੋ ਕਿ ਕੈਨੇਡਾ ਦੇ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤ “ਪੰਜਾਬ ਭਵਨ” ਦੇ ਸੰਸਥਾਪਕ ਹਨ। ਉਹ ਇੱਕ ਕਾਮਯਾਬ ਬਿਜ਼ਨੇਸਮੈਨ ਹਨ, ਜਿਨ੍ਹਾਂ ਦੀ ਕੰਪਨੀ ਵਿੱਚ ਲਗਭਗ 450 ਕਰਮਚਾਰੀ ਕੰਮ ਕਰ ਰਹੇ ਹਨ। ਸੁਖੀ ਬਾਠ ਜੀ ਸਿਰਫ਼ ਬਿਜ਼ਨੈਸਮੈਨ ਹੀ ਨਹੀਂ, ਸਗੋਂ ਵੱਡੇ ਪੱਧਰ ਦੇ ਸਮਾਜ ਸੇਵਕ ਵੀ ਹਨ। ਉਨ੍ਹਾਂ ਨੇ ਆਪਣੀ ਸੇਵਾ ਵਿੱਚ ਭਾਰਤ ਵਿਚ ਲਗਭਗ 400 ਗਰੀਬ ਕੁੜੀਆਂ ਦੇ ਵਿਆਹ ਵੀ ਕਰਵਾਏ ਹਨ।
ਉਹ ਕੇਵਲ ਭਾਰਤ ਹੀ ਨਹੀਂ, ਸਗੋਂ ਨੇਪਾਲ, ਪਾਕਿਸਤਾਨ, ਫਿਲੀਪੀਨਜ਼ ਅਤੇ ਹੋਰ ਕਈ ਦੇਸ਼ਾਂ ਦੇ ਗਰੀਬ ਬੱਚਿਆਂ ਦੀ ਸਿੱਖਿਆ ਵਿੱਚ ਵੀ ਮਦਦ ਕਰ ਰਹੇ ਹਨ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ “ਨਵੀਆਂ ਕਲਮਾਂ - ਨਵੀਂ ਉਡਾਣ” ਪ੍ਰੋਜੈਕਟ ਤਹਿਤ ਹੁਣ ਤੱਕ 60 ਪੁਸਤਕਾਂ ਦੀ ਪ੍ਰਕਾਸ਼ਨਾ ਹੋ ਚੁੱਕੀ ਹੈ। ਸਕੂਲ ਵਿਦਿਆਰਥੀਆਂ ਲਈ ਉਨ੍ਹਾਂ ਨੇ ਲਗਭਗ ਅੱਧੇ ਘੰਟੇ ਦੀ ਉਤਸ਼ਾਹਵਰਕ ਵਰਕਸ਼ਾਪ ਕਰਵਾਈ, ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਫਲ ਹੋਣ ਲਈ ਸਿਆਣਪ, ਅਨੁਸ਼ਾਸਨ ਅਤੇ ਮਿਹਨਤ ਦੇ ਅਹੰਕਾਰ ਨੂੰ ਵਿਸਥਾਰ ਨਾਲ ਸਮਝਾਇਆ। ਉਹਨਾਂ ਨੇ ਇਸ ਦੌਰਾਨ ਇਹ ਵੀ ਐਲਾਨ ਕੀਤਾ ਕਿ ਉਹ ਸ਼ਿਵ ਚੰਦ ਪਬਲਿਕ ਹਾਈ ਸਕੂਲ ਦੀ ਲਾਇਬ੍ਰੇਰੀ ਲਈ 200 ਕਿਤਾਬਾਂ ਵੀ ਦਾਨ ਕਰਨਗੇ, ਤਾਂ ਜੋ ਵਿਦਿਆਰਥੀਆਂ ਨੂੰ ਹੋਰ ਵਧੀਆ ਅਧਿਐਨ ਸਮੱਗਰੀ ਉਪਲਬਧ ਹੋ ਸਕੇ। ਇਹ ਉਨ੍ਹਾਂ ਦੇ ਸਿੱਖਿਆ ਪ੍ਰਤੀ ਸੱਚੇ ਸਮਰਪਣ ਅਤੇ ਸਮਾਜਿਕ ਭਲਾਈ ਵਲਦੇ ਨਿਸ਼ਾਨੀ ਹੈ।
ਸਕੂਲ ਪਰਿਵਾਰ ਨੇ ਉਨ੍ਹਾਂ ਦੇ ਇਸ ਯੋਗਦਾਨ ਲਈ ਦਿਲੋਂ ਧੰਨਵਾਦ ਕੀਤਾ। ਫਿਲਮ ਦੀ ਸਟਾਰਕਾਸਟ ਵਿੱਚ ਸ਼ਾਮਿਲ ਸਨ ਫਿਲਮ ਦੇ ਡਾਇਰੈਕਟਰ ਅਤੇ ਲੇਖਕ ਸ਼੍ਰੀ ਤਾਜ, ਪ੍ਰਮੁੱਖ ਬਾਲ ਅਦਾਕਾਰ ਮਾਸਟਰ ਫ਼ਤਿਹਵੀਰ ਜੋ ਕਿ ਉਨ੍ਹਾਂ ਦੇ ਪੁੱਤਰ ਵੀ ਹਨ, ਪਦਮ ਸ਼੍ਰੀ ਸ਼੍ਰੀਮਤੀ ਨਿਰਮਲ ਰਿਸ਼ੀ ਜੀ, ਸ਼੍ਰੀਮਤੀ ਮਨਪ੍ਰੀਤ ਮਨੀ ਜੀ (ਜਿਨ੍ਹਾਂ ਨੇ ਫ਼ਤਿਹਵੀਰ ਦੀ ਮਾਂ ਦਾ ਕਿਰਦਾਰ ਨਿਭਾਇਆ), ਸ਼੍ਰੀਮਤੀ ਵਿਸ਼ੂ ਖੇਟੀਆ ਜੀ (ਫ਼ਤਿਹਵੀਰ ਦੀ ਮਾਸੀ) ਅਤੇ ਸ਼੍ਰੀ ਬਲਜੀਤ ਬਾਵਾ ਜੀ ਜਿਹਨਾਂ ਨੇ ਫ਼ਤਿਹਵੀਰ ਦੇ ਮਾਸੜ ਦਾ ਕਿਰਦਾਰ ਨਿਭਾਇਆ।
ਸਕੂਲ ਵਿੱਚ ਆਉਣ ’ਤੇ ਸਾਰੇ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਕੂਲ ਦੇ ਡਾਇਰੈਕਟਰ ਅਤੇ ਟਰੱਸਟੀ ਸ਼੍ਰੀ ਅਸ਼ੋਕ ਮਹੇਰਾ ਜੀ ਅਤੇ ਪ੍ਰਿੰਸੀਪਲ ਸ਼੍ਰੀ ਸੰਦੀਪ ਚਾਵਲਾ ਜੀ ਨੇ ਫ਼ਿਲਮ ਦੀ ਸਟਾਰਕਾਸਟ ਅਤੇ ਮਹਿਮਾਨਾਂ ਨੂੰ ਫੁੱਲ ਮਾਲਾਵਾਂ ਅਤੇ ਸਨਮਾਨ ਪੱਤਰ ਦੇ ਕੇ ਆਦਰ ਦਿੱਤਾ।
ਸਟਾਰਕਾਸਟ ਨੇ ਸਕੂਲ ਦੇ ਵਿਦਿਆਰਥੀਆਂ ਨਾਲ ਗੱਲਾਂ ਕੀਤੀਆਂ, ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਪ੍ਰੇਰਣਾ ਦਿੱਤੀ ਕਿ ਕਿਵੇਂ ਸੰਘਰਸ਼ ਕਰਕੇ ਜ਼ਿੰਦਗੀ ਵਿੱਚ ਅੱਗੇ ਵਧਿਆ ਜਾ ਸਕਦਾ ਹੈ। ਵਿਦਿਆਰਥੀਆਂ ਨੇ ਵੀ ਉਨ੍ਹਾਂ ਨਾਲ ਉਤਸ਼ਾਹ ਨਾਲ ਪ੍ਰਸ਼ਨ ਪੁੱਛੇ ਅਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ।
ਅੰਤ ਵਿੱਚ ਸਾਰੇ ਸੀਨੀਅਰ ਅਧਿਆਪਕ, ਸਟਾਫ ਮੈਂਬਰ ਅਤੇ ਸਕੂਲ ਦੇ ਵਿਦਿਆਰਥੀ ਮੌਜੂਦ ਰਹੇ। ਇਹ ਸਮਾਗਮ ਨਾਂ ਕੇਵਲ ਇੱਕ ਯਾਦਗਾਰ ਦਿਨ ਬਣ ਗਿਆ, ਸਗੋਂ ਵਿਦਿਆਰਥੀਆਂ ਦੇ ਮਨ ਤੇ ਵੀ ਗਹਿਰੀ ਛਾਪ ਛੱਡ ਗਿਆ।