ਮੁੰਬਈ : ਮਨੋਰੰਜਨ ਜਗਤ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੀ.ਆਰ. ਚੋਪੜਾ ਦੇ ਮਸ਼ਹੂਰ ਸੀਰੀਅਲ "ਮਹਾਭਾਰਤ" ਵਿੱਚ ਕਰਨ ਅਤੇ "ਚੰਦਰਕਾਂਤਾ" ਵਿੱਚ ਰਾਜਾ ਸ਼ਿਵ ਦੱਤ ਦੀ ਭੂਮਿਕਾ ਨਿਭਾਉਣ ਲਈ ਜਾਣੇ ਜਾਂਦੇ ਟੈਲੀਵਿਜ਼ਨ ਅਦਾਕਾਰ ਪੰਕਜ ਧੀਰ ਦਾ ਕੈਂਸਰ ਨਾਲ ਜੂਝਣ ਤੋਂ ਬਾਅਦ 68 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਨਾਲ ਫਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਪਈ ਹੈ।
ਧੀਰ ਦੇ ਦੋਸਤ ਅਤੇ ਫਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਕਿਹਾ, "ਉਨ੍ਹਾਂ ਦਾ ਅੱਜ ਸਵੇਰੇ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਵਾਰ ਹਸਪਤਾਲ ਜਾਣਾ ਪਿਆ।" ਉਨ੍ਹਾਂ ਦੇ ਅੰਤਿਮ ਸੰਸਕਾਰ ਅੱਜ ਸ਼ਾਮ ਕੀਤੇ ਜਾਣਗੇ। ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ ਅਨੀਤਾ ਧੀਰ ਅਤੇ ਪੁੱਤਰ ਨਿਕੇਤਨ ਧੀਰ ਹਨ, ਜੋ ਕਿ ਇੱਕ ਅਦਾਕਾਰ ਵੀ ਹਨ।
ਦੱਸ ਦੇਈਏ ਕਿ ਪੰਕਜ ਧੀਰ "ਸੜਕ," "ਸੋਲਜਰ," ਅਤੇ "ਬਾਦਸ਼ਾਹ" ਸਮੇਤ ਕਈ ਫਿਲਮਾਂ ਵਿੱਚ ਵੀ ਨਜ਼ਰ ਆਏ ਅਤੇ ਟੈਲੀਵਿਜ਼ਨ 'ਤੇ ਸਰਗਰਮ ਰਹੇ।