ਉੱਤਰ ਪ੍ਰਦੇਸ਼ : ਮਥੁਰਾ ਦੇ ਵ੍ਰਿੰਦਾਵਨ ਦੇ ਕੇਸੀ ਘਾਟ 'ਤੇ ਵਾਪਰੇ ਕਿਸ਼ਤੀ ਹਾਦਸੇ ਦੇ ਸੱਤਵੇਂ ਦਿਨ ਲਾਪਤਾ ਨੌਜਵਾਨ ਪੰਕਜ ਦੀ ਲਾਸ਼ ਯਮੁਨਾ ਨਦੀ ਤੋਂ ਬਰਾਮਦ ਕਰ ਲਈ ਗਈ ਹੈ। ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਇਸ ਹਾਦਸੇ ਵਿਚ ਜਾਨ ਗੁਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 16 ਹੋ ਗਈ ਹੈ। ਆਖਰੀ ਲਾਸ਼ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਪਿਛਲੇ 7 ਦਿਨਾਂ ਤੋਂ ਚਲ ਰਿਹਾ ਸਰਚ ਆਪ੍ਰੇਸ਼ਨ ਸਮਾਪਤ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਬਚਾਅ ਟੀਮ ਨੂੰ ਪੰਕਜ ਦੀ ਲਾਸ਼ ਬਾਬਾ ਦੇਵਰਾਹਾ ਘਾਟ ਅਤੇ ਪਾਨੀਗਾਂਓ ਦੇ ਨੇੜੇ ਬਰਾਮਦ ਹੋਈ ਹੈ। ਹਾਦਸੇ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਗੋਤਾਖੋਰਾਂ ਦੀ ਟੀਮ ਨੌਜਵਾਨ ਦੀ ਭਾਲ ਵਿਚ ਦਿਨ-ਰਾਤ ਲੱਗੀ ਹੋਈ ਸੀ। ਵੀਰਵਾਰ ਨੂੰ ਜਿਵੇਂ ਹੀ ਨੌਜਵਾਨ ਦੀ ਲਾਸ਼ ਬਰਾਮਦ ਹੋਈ, ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਘਟਨਾ ਦੇ ਸਮੇਂ ਪੁਲਸ ਅਤੇ ਗੋਤਾਖੋਰਾਂ ਨੇ 22 ਸ਼ਰਧਾਲੂਆਂ ਨੂੰ ਸੁਰੱਖਿਅਤ ਬਚਾ ਲਿਆ ਸੀ ਅਤੇ 10 ਲਾਸ਼ਾਂ ਤੁਰੰਤ ਬਰਾਮਦ ਕਰ ਲਈਆਂ ਸਨ, ਜਦੋਂ ਕਿ ਹੋਰਾਂ ਲੋਕਾਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਮੁਹਿੰਮ ਜਾਰੀ ਸੀ।
ਜ਼ਿਕਰਯੋਗ ਹੈ ਕਿ 10 ਅਪ੍ਰੈਲ ਨੂੰ ਪੰਜਾਬ ਤੋਂ 132 ਸ਼ਰਧਾਲੂ ਦੋ ਬੱਸਾਂ ਵਿੱਚ ਵ੍ਰਿੰਦਾਵਨ ਲਈ ਆਏ ਸਨ। ਇਸ ਦੌਰਾਨ ਸ਼ਰਧਾਲੂਆਂ ਦਾ ਇੱਕ ਸਮੂਹ ਦੇਵਰਾਹਾ ਬਾਬਾ ਸਮਾਧੀ ਦੇ ਦਰਸ਼ਨ ਕਰਨ ਲਈ ਯਮੁਨਾ ਪਾਰ ਵ੍ਰਿੰਦਾਵਨ ਦੇ ਕੇਸ਼ੀਘਾਟ ਤੋਂ ਮੋਟਰਬੋਟ ਰਾਹੀਂ ਯਾਤਰਾ ਕਰ ਰਿਹਾ ਸੀ। ਯਮੁਨਾ ਨਦੀ ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਅਚਾਨਕ ਸੰਤੁਲਨ ਵਿਗੜ ਜਾਣ ਕਾਰਨ ਪਲਟ ਗਈ। ਇਸ ਹਾਦਸੇ ਵਿੱਚ ਕਈ ਲੋਕ ਪਾਣੀ ਵਿਚ ਡੁੱਬ ਗਏ, ਜਿਨ੍ਹਾਂ ਦੀ ਪੁਲਸ ਅਤੇ ਗੋਤਾਖੋਰਾਂ ਵਲੋਂ ਭਾਲ ਕੀਤੀ ਗਈ। ਅੱਜ ਆਖਰੀ ਦਿਨ 16 ਲਾਸ਼ ਬਰਾਮਦ ਹੋਣ ਨਾਲ ਖੋਜ ਮੁਹਿੰਮ ਨੂੰ ਰੋਕ ਦਿੱਤਾ ਗਿਆ।