ਐਮਸਟੇਲਵੀਨ : ਪਿਛਲੇ 16 ਦਿਨਾਂ ’ਚ ਵਿਸ਼ਵ ਹਾਕੀ ਦੇ ਮਹਾਕੁੰਭ ’ਚ ਇਕ ਪਾਸੇ ਮਹਿਲਾ ਵਰਗ ’ਚ ਡੱਚ ਦਬਦਬਾ ਟੁੱਟਿਆ ਤਾਂ ਪੁਰਸ਼ ਹਾਕੀ ’ਚ ਜਰਮਨੀ ਨੇ ਇਕ ਵਾਰ ਫਿਰ ਆਪਣਾ ਲੋਹਾ ਮਨਵਾਇਆ ਜਦਕਿ ਭਾਰਤੀ ਟੀਮਾਂ 5 ਦਹਾਕਿਆਂ ਬਾਅਦ ਤਮਗੇ ਦੇ ਕਰੀਬ ਪਹੁੰਚ ਕੇ ਇਕ ਵਾਰ ਫਿਰ ਖੁੰਝ ਗਈਆਂ। ਯੂਟ੍ਰੈਕਟ ’ਚ 1998 ’ਚ ਹੋਏ ਵਿਸ਼ਵ ਕੱਪ ਤੋਂ ਬਾਅਦ ਪਹਿਲੀ ਵਾਰ ਮਹਿਲਾ ਤੇ ਪੁਰਸ਼ ਟੂਰਨਾਮੈਂਟ ਇਕੱਠੇ ਖੇਡੇ ਗਏ ਪਰ ਦੋ ਦੇਸ਼ਾਂ ’ਚ ਤੇ ਦੋ ਸ਼ਹਿਰਾਂ ’ਚ। ਨੀਦਰਲੈਂਡ ਨੇ ਪਹਿਲੀ ਵਾਰ ਐਮਸਟੇਲਵੀਨ ’ਚ ਹਾਕੀ ਲਈ ਖਾਸ ਤੌਰ ’ਤੇ ਬਣਾਏ ਗਏ ਵੈਗਨੇਰ ਸਟੇਡੀਅਮ ’ਚ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਤਾਂ ਬੈਲਜੀਅਮ ਦੇ ਵੌਵਰ ’ਚ ਬੈਲਫੀਅਸ ਹਾਕੀ ਏਰੇਨਾ ਦੇ ਰੂਪ ’ਚ ਖੇਡ ਨੂੰ ਨਵਾਂ ਟਿਕਾਣਾ ਮਿਲਿਆ। ਐਮਸਟੇਲਵੀਨ ’ਚ ਖਚਾਖਚ ਭਰੇ ਸਟੇਡੀਅਮ ’ਚ ਸੰਗੀਤ ਦੇ ਨਾਲ ਹਾਕੀ ਜਸ਼ਨ ਦੀ ਤਰ੍ਹਾਂ ਲੱਗੀ ਤਾਂ ਬ੍ਰਸੇਲਜ਼ ਸ਼ਹਿਰ ਤੋਂ ਦੂਰ ਵੌਵਰੇ ’ਚ ਬੀਅਰ ਤੇ ਵੌਫੇਲਸ ਦੇ ਨਾਲ ਹਾਕੀ ਸਕੂਨ ਦੀ ਤਰ੍ਹਾਂ ਨਜ਼ਰ ਆਈ ਪਰ ਦੋਵੇਂ ਹੀ ਮੇਜ਼ਬਾਨ ਧਾਕੜ ਖਿਤਾਬ ਤੋਂ ਵਾਂਝੇ ਰਹਿ ਗਏ। ਕੁਆਰਟਰ ਫਾਈਨਲ ਦੀ ਬਜਾਏ ਪਹਿਲੇ ਦੌਰ ਤੋਂ ਬਾਅਦ ਕ੍ਰਾਸਓਵਰ ਮੁਕਾਬਲਿਆਂ ਵਾਲੇ ਫਾਰਮੈੱਟ ’ਤੇ ਵੀ ਸਵਾਲ ਉੱਠੇ। ਮਹਿਲਾ ਵਰਗ ’ਚ ਟੁੱਟਿਆ ਡੱਚ ਦਬਦਬਾ : ਮਹਿਲਾ ਹਾਕੀ ’ਚ 9 ਵਾਰ ਦੀ ਚੈਂਪੀਅਨ ਤੇ ਪੈਰਿਸ ਓਲੰਪਿਕ ਸੋਨ ਤਮਗਾ ਜੇਤੂ ਨੀਦਰਲੈਂਡ ਨੂੰ ਅਰਜਨਟੀਨਾ ਦੀ ਸਾਹਸੀ ਟੀਮ ਨੇ ਨਾਰੰਗੀ ਰੰਗ ਨਾਲ ਖਚਾਖਚ ਭਰੇ ਸਟੇਡੀਅਮ ’ਚ ਘਰੇਲੂ ਦਰਸ਼ਕਾਂ ਸਾਹਮਣੇ ਪੈਨਲਟੀ ਸ਼ੂਟਆਊਟ ’ਚ ਹਾਰ ਦਿੱਤੀ। ਰੋਸਾਰੀਓ ’ਚ 2010 ’ਚ ਅਰਜਨਟੀਨਾ ਜਿੱਤੀ ਸੀ ਪਰ ਉਸ ਤੋਂ ਬਾਅਦ ਤੋਂ ਲਗਾਤਾਰ ਨੀਦਰਲੈਂਡ ਨੇ ਹੀ 3 ਵਿਸ਼ਵ ਕੱਪ ਜਿੱਤੇ। ਬੈਲਜੀਅਮ ਨੇ ਆਸਟ੍ਰੇਲੀਆ ਨੂੰ ਹਰਾ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ। ਏਸ਼ੀਆਈ ਧਾਕੜ ਤੇ ਪੈਰਿਸ ਓਲੰਪਿਕ ਚਾਂਦੀ ਤਮਗਾ ਜੇਤੂ ਚੀਨ ਦੀ ਟੀਮ 8ਵੇਂ ਸਥਾਨ ’ਤੇ ਰਹੀ। ਨੀਦਰਲੈਂਡ ਦੀ ਡ੍ਰੈਗ ਫਲਿੱਕਰ ਯਿੱਬੀ ਯਾਨਸੇਨ ਨੇ ਸਭ ਤੋਂ ਜ਼ਿਆਦਾ 8 ਗੋਲ ਕੀਤੇ ਤੇ ਕੌਮਾਂਤਰੀ ਗੋਲਾਂ ਦਾ ਸੈਂਕੜਾ ਵੀ ਪੂਰਾ ਕੀਤਾ।
ਮਹਿਲਾ ਹਾਕੀ ’ਚ ਚੋਟੀ ਦੀਆਂ ਟੀਮਾਂ ਵਿਚਾਲੇ ਸਖਤ ਮੁਕਾਬਲੇਬਾਜ਼ੀ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਦੋਵੇਂ ਸੈਮੀਫਾਈਨਲ ਤੇ ਕਾਂਸੀ ਤਮਗੇ ਦੇ ਮੁਕਾਬਲਿਆਂ ਦਾ ਫੈਸਲਾ ਇਕ ਗੋਲ ਦੇ ਫਰਕ ਨਾਲ ਹੋਇਆ। ਫਾਈਨਲ ਵੀ 60 ਮਿੰਟ ਤੋਂ ਬਾਅਦ 1-1 ਨਾਲ ਬਰਾਬਰੀ ’ਤੇ ਸੀ ਪਰ ਪੈਨਲਟੀ ਸ਼ੂਟਆਊਟ ’ਚ ਅਰਜਨਟੀਨਾ ਨੇ 3-1 ਨਾਲ ਬਾਜ਼ੀ ਮਾਰੀ। ਪੁਰਸ਼ ਹਾਕੀ ’ਚ ਜਰਮਨੀ ਦਾ ਦਬਦਬਾ ਬਰਕਰਾਰ : ਬਿਹਤਰੀਨ ਰੱਖਿਆਤਮਕ ਢਾਂਚੇ ਦੇ ਨਾਲ ਖੇਡਣ ਵਾਲੀ ਜਰਮਨ ਟੀਮ ਨੇ 2023 ’ਚ ਭੁਵਨੇਸ਼ਵਰ ’ਚ ਜਿੱਤੇ ਗਏ ਖਿਤਾਬ ਨੂੰ ਬੈਲਜੀਅਮ ਦੇ ਵੌਵਰ ’ਚ ਵੀ ਬਰਕਰਾਰ ਰੱਖਿਆ। ਫੀਫਾ ਵਿਸ਼ਵ ਕੱਪ ਜਿੱਤਣ ਵਾਲੇ ਸਪੇਨ ਦਾ ਹਾਕੀ ’ਚ ਖਿਤਾਬ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਅਧੂਰਾ ਰਿਹਾ ਪਰ 1998 ਤੋਂ ਬਾਅਦ ਪਹਿਲੀ ਵਾਰ ਫਾਈਨਲ ’ਚ ਪਹੁੰਚਣਾ ਵੀ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ ਸੀ। ਮੇਜ਼ਬਾਨ ਨੀਦਰਲੈਂਡ ਨੂੰ ਉਸੇ ਦੀ ਧਰਤੀ ’ਤੇ ਹਰਾ ਕੇ ਖਿਤਾਬੀ ਮੁਕਾਬਲੇ ’ਚ ਪਹੁੰਚੀ ਸਪੇਨ ਨੇ ਜਰਮਨੀ ਨੂੰ ਸਖਤ ਚੁਣੌਤੀ ਦਿੱਤੀ ਪਰ ਜਿੱਤ ਤੇ ਹਾਰ ਵਿਚਾਲੇ 44ਵੇਂ ਮਿੰਟ ’ਚ ਕੀਤਾ ਗਿਆ ਇਕ ਗੋਲ ਭਾਰੀ ਪੈ ਗਿਆ। ਇਸ ਦੇ ਨਾਲ ਹੀ ਜਰਮਨੀ ਨੇ 4 ਖਿਤਾਬ ਜਿੱਤ ਕੇ ਪਾਕਿਸਤਾਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾ ਰਹੀ 2018 ਦੀ ਚੈਂਪੀਅਨ ਤੇ ਸਾਂਝੀ ਮੇਜ਼ਬਾਨ ਬੈਲਜੀਅਮ 7ਵੇਂ ਸਥਾਨ ’ਤੇ ਖਿਸਕ ਗਈ ਜਦਕਿ ਮਹਿਲਾ ਤੇ ਪੁਰਸ਼ ਦੋਵਾਂ ਵਰਗਾਂ ’ਚ ਆਸਟ੍ਰੇਲੀਆ ਨੂੰ ਖਾਲੀ ਹੱਥ ਪਰਤਣਾ ਪਿਆ।
ਭਾਰਤੀ ਪੁਰਸ਼ ਟੀਮ ਫਿਰ ਖੁੰਝੀ, ਮਹਿਲਾਵਾਂ ਦਾ ਇਤਿਹਾਸਕ ਪ੍ਰਦਰਸ਼ਨ
ਟੋਕੀਓ ਓਲੰਪਿਕ 2021 ’ਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਚੌਥੇ ਸਥਾਨ ਤੱਕ ਲੈ ਜਾਣ ਵਾਲੇ ਕੋਚ ਸ਼ੋਰਡ ਮਾਰਿਨ ਨੂੰ ਵਿਸ਼ਵ ਕੱਪ ’ਚ ਤਮਗੇ ਦੇ ਬਿਲਕੁਲ ਕਰੀਬ ਪਹੁੰਚ ਕੇ ਖੁੰਝਣ ਦਾ ਅਫਸੋਸ ਜ਼ਰੂਰ ਰਹੇਗਾ। ਪੂਰੇ ਟੂਰਨਾਮੈਂਟ ’ਚ ਸਿਰਫ ਇਕ ਮੈਚ ਨੀਦਰਲੈਂਡ ਤੋਂ ਹਾਰਨ ਵਾਲੀ ਭਾਰਤੀ ਟੀਮ ਨੇ ਪਹਿਲੇ ਹੀ ਮੈਚ ’ਚ ਚੀਨ ਨੂੰ ਡਰਾਅ ’ਤੇ ਰੋਕ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ। ਦੱਖਣੀ ਅਫਰੀਕਾ ਨੂੰ 6-1 ਨਾਲ ਹਰਾਉਣ ਤੇ ਇੰਗਲੈਂਡ ਨਾਲ ਡਰਾਅ ਖੇਡਣ ਤੋਂ ਬਾਅਦ ਗਰੁੱਪ ’ਚ ਦੂਜੇ ਸਥਾਨ ’ਤੇ ਰਹਿ ਕੇ ਟੀਮ ਦੂਜੇ ਦੌਰ ’ਚ ਪਹੁੰਚੀ। ਦੂਜੇ ਦੌਰ ’ਚ ਡੱਚ ਟੀਮ ਤੋਂ ਮਿਲੀ ਹਾਰ ਤੋਂ ਬਾਅਦ ਆਸਟ੍ਰੇਲੀਆ ਨੂੰ ਹਰਾਉਣਾ ਜ਼ਰੂਰੀ ਸੀ ਪਰ ਗੋਲਰਹਿਤ ਡਰਾਅ ਤੋਂ ਬਾਅਦ ਸੈਮੀਫਾਈਨਲ ਦੇ ਦਰਵਾਜ਼ੇ ਬੰਦ ਹੋ ਗਏ। 5ਵੇਂ ਸਥਾਨ ਦੇ ਮੁਕਾਬਲੇ ’ਚ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਜਰਮਨੀ ਨੂੰ ਹਰਾ ਕੇ ਭਾਰਤ ਨੇ 1974 ਤੋਂ ਬਾਅਦ ਵਿਸ਼ਵ ਕੱਪ ’ਚ ਸਰਵੋਤਮ ਪ੍ਰਦਰਸ਼ਨ ਕੀਤਾ। ਭਾਰਤ ਦੀ ਇਸ ਟੀਮ ’ਚ 11 ਖਿਡਾਰੀਆਂ ਦਾ ਪਹਿਲਾ ਵਿਸ਼ਵ ਕੱਪ ਸੀ ਜਿਨ੍ਹਾਂ ਨੇ ਵਿਰੋਧੀ ਟੀਮ ਦੇ ਕੱਦ ਤੋਂ ਡਰੇ ਬਿਨਾਂ ਸਾਹਸੀ ਪ੍ਰਦਰਸ਼ਨ ਕੀਤਾ। ਖਾਸ ਤੌਰ ’ਤੇ ਨੌਜਵਾਨ ਗੋਲਕੀਪਰ ਬਿਛੂ ਦੇਵੀ ਨੇ ਇੰਗਲੈਂਡ ਵਿਰੁੱਧ ਡਰਾਅ ਰਹੇ ਮੈਚ ਦੇ ਆਖਰੀ 30 ਸੈਕੰਡ ’ਚ ਜਿਹੜਾ ਗੋਲ ਬਚਾਇਆ, ਉਸ ਨੂੰ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।
ਉੱਥੇ ਹੀ, 51 ਸਾਲ ਬਾਅਦ ਵਿਸ਼ਵ ਕੱਪ ’ਚ ਤਮਗਾ ਜਿੱਤਣ ਦਾ ਸੁਪਨਾ ਲੈ ਕੇ ਗਈ ਪੁਰਸ਼ ਟੀਮ ਦੇ ਹੱਥ ਸਿਰਫ ਇੰਤਜ਼ਾਰ ਹੀ ਆਇਆ। ਪੂਰੇ 60 ਮਿੰਟ ਤੱਕ ਇਕ ਲੈਅ ਨਾਲ ਨਾ ਖੇਡ ਸਕਣਾ, ਬੜ੍ਹਤ ਬਣਾਉਣ ਤੋਂ ਬਾਅਦ ਗੋਲ ਗਵਾਉਣ, ਡਿਫੈਂਸ ਦੇ ਡਗਮਗਾਉਣ ਤੇ ਕਪਤਾਨ ਹਰਮਨਪ੍ਰੀਤ ਸਿੰਘ ’ਤੇ ਜ਼ਿਆਦਾ ਨਿਰਭਰਤਾ ਦਾ ਖਾਮਿਆਜ਼ਾ ਭਾਰਤੀ ਟੀਮ ਨੇ ਭੁਗਤਿਆ। ਓਲੰਪਿਕ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਵਿਸ਼ਵ ਕੱਪ ’ਚ ਕਦੇ ਉਸ ਪ੍ਰਦਰਸ਼ਨ ਨੂੰ ਦੁਹਰਾ ਕਿਉਂ ਨਹੀਂ ਸਕੀ, ਇਹ ਵੱਡਾ ਸਵਾਲ ਬਣਿਆ ਹੋਇਆ ਹੈ। ਭਾਰਤੀ ਪੁਰਸ਼ ਹਾਕੀ ਟੀਮ ’ਚ ਓਲੰਪਿਕ ਤੋਂ ਪਹਿਲਾਂ ਬਦਲਾਅ ਦੀ ਗੁੰਜਾਇਸ਼ ਸਾਫ ਨਜ਼ਰ ਆ ਰਹੀ ਹੈ। ਕਈ ਸੀਨੀਅਰ ਖਿਡਾਰੀ ਉਮੀਦਾਂ ਅਨੁਸਾਰ ਖਰੇ ਨਹੀਂ ਉਤਰ ਸਕੇ ਤਾਂ ਟੀਮ ਚੋਣ ਨੂੰ ਲੈ ਕੇ ਵੀ ਕਈ ਫੈਸਲਿਆਂ ’ਤੇ ਸਵਾਲ ਉੱਠੇ। ਜਪਾਨ ’ਚ ਅਗਲੇ ਮਹੀਨੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੋਂ ਬਾਅਦ ਭਾਰਤੀ ਹਾਕੀ ਦੇ ਬਦਲਾਅ ਦੇ ਦੌਰ ਦੀ ਸ਼ੁਰੂਆਤ ਹੋ ਸਕਦੀ ਹੈ। ਵਿਸ਼ਵ ਕੱਪ ’ਚ ਹੋਏ ਮੈਚਾਂ ਦਾ ਕੁੱਲ ਨਿਚੋੜ ਇਹ ਹੀ ਰਿਹਾ ਕਿ ਸਾਰੀਅਾਂ ਤਕਨੀਕਾਂ ਤੇ ਅਤਿਆਧੁਨਿਕ ਸਹੂਲਤਾਂ ਦੇ ਬਾਵਜੂਦ ਸਫਲਤਾ ਦਾ ਮੂਲਮੰਤਰ ਵਰ੍ਹਿਆਂ ਤੋਂ ਉਹੀ ਹੈ ਕਿ ਪੂਰੇ 60 ਮਿੰਟ ਚੰਗੀ ਤੇ ਅਨੁਸ਼ਾਸਿਤ ਹਾਕੀ ਖੇਡੋ।