ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਵਿਰੋਧੀ ਧਿਰ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਜੇਕਰ ਵਿਰੋਧੀ ਧਿਰ ਵਿਦਿਆਰਥੀਆਂ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ, ਤਾਂ ਉਹ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ ਅਤੇ ਸਰਕਾਰ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ। 20 ਜੁਲਾਈ ਤੋਂ ਸ਼ੁਰੂ ਹੋਏ ਮਾਨਸੂਨ ਸੈਸ਼ਨ ਦੌਰਾਨ ਸੰਸਦ ਦੇ ਦੋਵਾਂ ਸਦਨਾਂ 'ਚ ਚੱਲ ਰਹੇ ਗਤੀਰੋਧ ਵਿਚਾਲੇ ਸ਼ਾਹ ਨੇ ਪਹਿਲੀ ਵਾਰ ਜਨਤਕ ਤੌਰ 'ਤੇ ਆਪਣਾ ਪੱਖ ਰੱਖਿਆ ਅਤੇ ਦੋਸ਼ ਲਗਾਇਆ ਕਿ ਵਿਰੋਧੀ ਧਿਰ ਨਹੀਂ ਚਾਹੁੰਦੀ ਕਿ ਕੋਈ ਚਰਚਾ ਹੋਵੇ।
ਸ਼ਾਹ ਨੇ ਸੰਸਦ ਕੰਪਲੈਕਸ 'ਚ ਪੱਤਰਕਾਰਾਂ ਨੂੰ ਦੱਸਿਆ ਕਿ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ, ਉਹ ਨਿਯਮਿਤ ਤੌਰ 'ਤੇ ਸੰਸਦ 'ਚ ਹਾਜ਼ਰ ਹੋ ਰਹੇ ਹਨ ਅਤੇ ਆਪਣੇ ਚੈਂਬਰ 'ਚ ਬੈਠ ਰਹੇ ਹਨ, ਪਰ ਵਿਰੋਧੀ ਧਿਰ ਦੋਵਾਂ ਸਦਨਾਂ ਦੀ ਕਾਰਵਾਈ ਜਾਰੀ ਨਹੀਂ ਰਹਿਣ ਦੇ ਰਹੀ ਹੈ। ਉਨ੍ਹਾਂ ਕਿਹਾ,"ਭਾਰਤ 'ਚ ਇਨ੍ਹੀਂ ਦਿਨੀਂ ਜਨਤਕ ਅਤੇ ਸੰਸਦੀ ਜੀਵਨ 'ਚ 'ਲਾਪਤਾ', 'ਭੱਜ ਗਿਆ', 'ਭਗੌੜਾ' ਵਰਗੀ ਭਾਸ਼ਾ ਸੁਣਾਈ ਦੇ ਰਹੀ ਹੈ। ਪਰ ਮੈਂ ਨਿਯਮਿਤ ਤੌਰ 'ਤੇ ਸੰਸਦ 'ਚ ਆ ਰਿਹਾ ਹਾਂ।" ਮੈਂ ਆਪਣੇ ਚੈਂਬਰ 'ਚ ਬੈਠਦਾ ਹਾਂ, ਪਰ ਜਦੋਂ ਵਿਰੋਧੀ ਧਿਰ ਸੰਸਦ ਨੂੰ ਕੰਮ ਨਹੀਂ ਕਰਨ ਦੇ ਰਹੀ ਹੈ, ਤਾਂ ਉੱਥੇ ਜਾ ਕੇ ਕੋਈ ਕੀ ਕਰ ਸਕਦਾ ਹੈ?
ਗ੍ਰਹਿ ਮੰਤਰੀ ਨੇ ਕਿਹਾ ਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਨੀਟ ਨਾਲ ਸਬੰਧਤ ਵਿਰੋਧ ਪ੍ਰਦਰਸ਼ਨਾਂ ਦੇ ਮੁੱਦੇ 'ਤੇ ਕਿਸੇ ਵੀ ਤਰ੍ਹਾਂ ਦੀ ਚਰਚਾ ਲਈ ਤਿਆਰ ਹੈ। ਇਕ ਸਮਾਂ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਰੋਧੀ ਧਿਰ ਨੂੰ ਵੀ ਚਰਚਾ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਇਹ ਸ਼ੁਰੂ ਤੋਂ ਹੀ ਉਨ੍ਹਾਂ (ਵਿਰੋਧੀ ਧਿਰ) ਦੀ ਮੰਗ ਰਹੀ ਹੈ ਅਤੇ ਅਸੀਂ ਇਸ 'ਤੇ ਸਹਿਮਤ ਹਾਂ। ਮੈਂ ਆਪਣੇ ਵਲੋਂ ਕਿਹਾ ਹੈ ਕਿ ਮੈਂ ਸੰਸਦ 'ਚ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ, ਪਰ ਉਹ ਨਹੀਂ ਚਾਹੁੰਦੇ ਕਿ ਕੋਈ ਚਰਚਾ ਹੋਵੇ। ਹੁਣ ਜਨਤਾ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਕੌਣ ਭੱਜ ਰਿਹਾ ਹੈ।"
ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਚਰਚਾ ਕਰਨ ਲਈ ਅੱਜ ਦੁਪਹਿਰ 2 ਵਜੇ ਤੱਕ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇੱਕ ਪੱਤਰ ਸੌਂਪਣਾ ਚਾਹੀਦਾ ਹੈ ਅਤੇ ਸਾਰੀਆਂ ਚਰਚਾਵਾਂ ਅੱਜ ਦੁਪਹਿਰ 3 ਵਜੇ ਤੋਂ ਅਗਲੇ ਦਿਨ ਦੁਪਹਿਰ 3 ਵਜੇ ਦੇ ਵਿਚਕਾਰ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ,"ਮੈਂ ਸਦਨ 'ਚ ਬੈਠਾਂਗਾ, ਸਾਰਿਆਂ ਦੀ ਗੱਲ ਸੁਣਾਂਗਾ ਅਤੇ ਹਰ ਸਵਾਲ ਦਾ ਜਵਾਬ ਦੇਵਾਂਗਾ। ਸਰਕਾਰ ਕੋਲ ਲੁਕਾਉਣ ਲਈ ਕੁਝ ਨਹੀਂ ਹੈ। ਮੈਂ ਇਹ ਵੀ ਚਰਚਾ ਕਰਾਂਗਾ ਕਿ ਤੁਸੀਂ (ਵਿਰੋਧੀ ਧਿਰ) ਚਰਚਾ ਕਿਉਂ ਨਹੀਂ ਚਾਹੁੰਦੇ ਸੀ।" ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਕਿਸੇ ਵੀ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ ਹੈ ਅਤੇ ਵਿਰੋਧੀ ਧਿਰ ਨੂੰ ਸੰਸਦ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਹੁਣ ਵਿਰੋਧੀ ਧਿਰ 'ਤੇ ਨਿਰਭਰ ਕਰਦਾ ਹੈ ਕਿ ਉਹ ਚਰਚਾ ਕਰੇ ਜਾਂ ਹੰਗਾਮਾ ਕਰੇ।