ਲਖਨਊ : ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਦੂਜੇ ਦਿਨ ਮੰਗਲਵਾਰ ਨੂੰ ਸਦਨ ਵਿਚ ਭਾਰੀ ਹੰਗਾਮਾ ਹੋਇਆ। ਅਯੁੱਧਿਆ ਦੇ ਰਾਮ ਮੰਦਰ ਵਿਚ ਚੜ੍ਹਾਵਾ ਚੋਰੀ ਦੇ ਮਾਮਲੇ ਨੂੰ ਲੈ ਕੇ ਸਮਾਜਵਾਦੀ ਪਾਰਟੀ (ਸਪਾ) ਦੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਵਿਰੋਧ ਪ੍ਰਦਰਸ਼ਨ ਕੀਤਾ।
ਲਗਾਤਾਰ ਨਾਅਰੇਬਾਜ਼ੀ ਅਤੇ ਹੰਗਾਮੇ ਦੇ ਕਾਰਨ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ ਨੂੰ ਮਾਤਰ 10 ਮਿੰਟ ਬਾਅਦ ਹੀ ਸਦਨ ਦੀ ਕਾਰਵਾਈ 12:20 ਵਜੇ ਤੱਕ ਲਈ ਰੋਕਣੀ ਪਈ, ਜਿਸ ਨਾਲ ਪ੍ਰਸ਼ਨ ਕਾਲ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਕਾਰਵਾਈ ਦੁਬਾਰਾ ਸ਼ੁਰੂ ਹੋਣ ’ਤੇ ਵੀ ਸਪਾ ਮੈਂਬਰਾਂ ਦਾ ਵਿਰੋਧ ਜਾਰੀ ਰਿਹਾ। ਇਸ ਦੌਰਾਨ ਫਿਰੋਜ਼ਾਬਾਦ ਦੀ ਜਸਰਾਨਾ ਸੀਟ ਤੋਂ ਸਪਾ ਵਿਧਾਇਕ ਇੰਜੀਨੀਅਰ ਸਚਿਨ ਯਾਦਵ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਤਸਵੀਰ ਵਾਲਾ ਬੈਨਰ ਲਹਿਰਾਉਂਦੇ ਹੋਏ ਚੇਅਰ ਦੇ ਸਾਹਮਣੇ ਆ ਗਏ।
ਵਿਧਾਇਕ ਦੇ ਇਸ ਵਿਵਹਾਰ ’ਤੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਵਿਧਾਨ ਸਭਾ ਸਪੀਕਰ ਸਤੀਸ਼ ਮਹਾਨਾ ਨੇ ਉਨ੍ਹਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰਨ ਦਾ ਹੁਕਮ ਦਿੱਤਾ। ਮਹਾਨਾ ਨੇ ਕਿਹਾ ਕਿ ਸਚਿਨ ਤੁਸੀਂ ਮੁੱਖ ਮੰਤਰੀ ਜੀ ਦੀ ਤਸਵੀਰ ਨਾਲ ਅਜਿਹਾ ਨਹੀਂ ਕਰ ਸਕਦੇ। ਤੁਹਾਨੂੰ ਪੂਰੇ ਸੈਸ਼ਨ ਲਈ ਸਦਨ ਤੋਂ ਬਾਹਰ ਕੱਢਿਆ ਜਾਂਦਾ ਹੈ। ਤੁਸੀਂ ਬਾਹਰ ਜਾਓ ਨਹੀਂ ਤਾਂ ਮੈਂਬਰਸ਼ਿਪ ਰੱਦ ਕਰਵਾ ਦਿਆਂਗਾ।