ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸਰਕਾਰ ਮੌਜੂਦਾ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ ਅਤੇ ਵਧਦੇ ਚਾਲੂ ਖਾਤਾ ਘਾਟੇ (ਸੀ. ਏ. ਡੀ.) ਨੂੰ ਕੰਟਰੋਲ ਕਰਨ ਲਈ ਕਈ ਉਪਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ 2 ਮਾਰਚ ਨੂੰ ਜਾਰੀ ਅੰਕੜਿਆਂ ਅਨੁਸਾਰ ਭਾਰਤ ਦਾ ਸੀ. ਏ. ਡੀ. ਅਕਤੂਬਰ-ਦਸੰਬਰ ਤਿਮਾਹੀ ’ਚ ਵਧ ਕੇ 13.2 ਅਰਬ ਅਮਰੀਕੀ ਡਾਲਰ (ਜੀ. ਡੀ. ਪੀ. ਦਾ 1.3 ਫੀਸਦੀ) ਹੋ ਗਿਆ, ਜੋ ਉਸ ਤੋਂ ਪਿਛਲੇ ਸਾਲ ਦੀ ਇਸੇ ਮਿਆਦ ’ਚ 11.3 ਅਰਬ ਡਾਲਰ ਸੀ।
ਇਸ ਦੀ ਮੁੱਖ ਵਜ੍ਹਾ ਅਮਰੀਕਾ ਨੂੰ ਬਰਾਮਦ ’ਚ ਗਿਰਾਵਟ ਕਾਰਨ ਵਧਿਆ ਵਪਾਰਕ ਘਾਟਾ ਹੈ। ਅਪ੍ਰੈਲ-ਦਸੰਬਰ 2025 ਦੌਰਾਨ ਸੀ. ਏ. ਡੀ. ਘਟ ਕੇ 30.1 ਅਰਬ ਡਾਲਰ (ਜੀ. ਡੀ. ਪੀ. ਦਾ ਇਕ ਫੀਸਦੀ) ਰਹਿ ਗਿਆ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 36.6 ਅਰਬ ਡਾਲਰ (1.3 ਫੀਸਦੀ) ਸੀ। ਕਿਸੇ ਦੇਸ਼ ’ਚ ਚਾਲੂ ਖਾਤਾ ਘਾਟਾ ਉਦੋਂ ਵਧਦਾ ਹੈ, ਜਦੋਂ ਇਕ ਯਕੀਨੀ ਮਿਆਦ ’ਚ ਦਰਾਮਦ ਕੀਤੀਆਂ ਵਸਤਾਂ ਅਤੇ ਸੇਵਾਵਾਂ ਅਤੇ ਹੋਰ ਭੁਗਤਾਨਾਂ ਦਾ ਕੁੱਲ ਮੁੱਲ, ਬਰਾਮਦ ਕੀਤੀਆਂ ਵਸਤਾਂ ਅਤੇ ਸੇਵਾਵਾਂ ਅਤੇ ਹੋਰ ਪ੍ਰਾਪਤੀਆਂ ਦੇ ਕੁੱਲ ਮੁੱਲ ਨਾਲੋਂ ਵੱਧ ਜਾਂਦਾ ਹੈ।
ਗੋਇਲ ਨੇ ਪੱਤਰਕਾਰਾਂ ਨੂੰ ਕਿਹਾ,‘‘ਅਸੀਂ ਸਥਿਤੀ ’ਤੇ ਨਜ਼ਰ ਬਣਾਈ ਹੋਈ ਹੈ। ਸਰਕਾਰ ਦੇ ਸਾਰੇ ਵਿਭਾਗ ਇਕ ਟੀਮ ਵਜੋਂ ਕੰਮ ਕਰ ਰਹੇ ਹਨ। ਕਈ ਉਪਾਵਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਗਲੋਬਲ ਸਥਿਤੀ ਕਾਫੀ ਚੁਣੌਤੀਪੂਰਨ ਹੈ ਪਰ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਚੁਣੌਤੀਪੂਰਨ ਸਮੇਂ ’ਚ ਵੀ ਸਫਲ ਹੋਵਾਂਗੇ।’’ ਰੁਪਏ ’ਚ ਗਿਰਾਵਟ ਦੇ ਮੱਦੇਨਜ਼ਰ ਸੀ. ਏ. ਡੀ. ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਚੁੱਕੇ ਜਾ ਸਕਣ ਵਾਲੇ ਵਾਧੂ ਕਦਮਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਇਹ ਗੱਲ ਕਹੀ।
ਅਗਲੇ ਮਹੀਨੇ ਵਪਾਰ ਗੱਲਬਾਤ ਲਈ ਭਾਰਤ ਆ ਸਕਦੀ ਹੈ ਅਮਰੀਕੀ ਟੀਮ
ਗੋਇਲ ਨੇ ਕਿਹਾ ਕਿ ਵਪਾਰ ਗੱਲਬਾਤ ਲਈ ਅਮਰੀਕੀ ਟੀਮ ਅਗਲੇ ਮਹੀਨੇ ਭਾਰਤ ਆ ਸਕਦੀ ਹੈ। ਅੰਤ੍ਰਿਮ ਸਮਝੌਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਅਤੇ ਵਿਆਪਕ ਦੁਵੱਲੇ ਵਪਾਰ ਸਮਝੌਤੇ (ਬੀ. ਟੀ. ਏ.) ਤਹਿਤ ਗੱਲਬਾਤ ਨੂੰ ਅੱਗੇ ਵਧਾਉਣ ਲਈ ਭਾਰਤੀ ਪੱਖ ਨੇ ਅਪ੍ਰੈਲ ’ਚ ਵਾਸ਼ਿੰਗਟਨ ਡੀ. ਸੀ. ’ਚ ਅਮਰੀਕੀ ਹਮਰੁਤਬਾ ਨਾਲ ਆਹਮੋ-ਸਾਹਮਣੇ ਬੈਠਕ ਕੀਤੀ ਸੀ।
ਇਹ ਪੁੱਛੇ ਜਾਣ ’ਤੇ ਕਿ ਕੀ ਬੀ. ਟੀ. ਏ. ਲਈ ਅਮਰੀਕਾ ਦੇ ਮੁੱਖ ਵਾਰਤਾਕਾਰ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਆਉਣਗੇ ਤਾਂ ਗੋਇਲ ਨੇ ਕਿਹਾ,‘‘ਉਹ ਉਨ੍ਹਾਂ ਨਾਲ ਨਹੀਂ ਆ ਰਹੇ ਹਨ ਪਰ ਉਨ੍ਹਾਂ ਦੀ ਅਗਲੇ ਮਹੀਨੇ ਆਉਣ ਦੀ ਯੋਜਨਾ ਹੈ।’’
ਰੂਬੀਓ 23 ਮਈ ਤੋਂ ਭਾਰਤ ਦੀ 4 ਦਿਨਾ ਯਾਤਰਾ ’ਤੇ ਆਉਣਗੇ, ਜਿਸ ਦਾ ਉਦੇਸ਼ ਵਪਾਰ, ਰੱਖਿਆ ਅਤੇ ਊਰਜਾ ਖੇਤਰਾਂ ’ਚ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਇਹ ਉਨ੍ਹਾਂ ਦੀ ਭਾਰਤ ਦੀ ਪਹਿਲੀ ਯਾਤਰਾ ਹੋਵੇਗੀ।