ਸ਼੍ਰੀਨਗਰ : ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ 'ਚ ਇਸ ਸਾਲ ਸੈਲਾਨੀਆਂ ਦੀ ਗਿਣਤੀ 'ਚ ਭਾਰੀ ਉਛਾਲ ਦਰਜ ਕੀਤਾ ਗਿਆ ਹੈ। ਸਾਲ 2026 ਦੇ ਪਹਿਲੇ 8 ਮਹੀਨਿਆਂ (ਜਨਵਰੀ ਤੋਂ ਅਗਸਤ) 'ਚ ਹੀ 4.05 ਲੱਖ ਤੋਂ ਵੱਧ ਸੈਲਾਨੀ ਲੱਦਾਖ ਪਹੁੰਚੇ ਹਨ। ਇਨ੍ਹਾਂ 8 ਮਹੀਨਿਆਂ ਦੇ ਅੰਕੜਿਆਂ ਨੇ ਸਾਲ 2025 ਦੇ ਪੂਰੇ ਸਾਲ ਦੇ ਕੁੱਲ ਸੈਰ-ਸਪਾਟੇ ਦੇ ਅੰਕੜਿਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਲੱਦਾਖ ਦੇ ਉੱਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵਲੋਂ ਸਾਂਝੇ ਕੀਤੇ ਅੰਕੜਿਆਂ ਅਨੁਸਾਰ, ਜਨਵਰੀ ਅਤੇ ਅਗਸਤ ਵਿਚਾਲੇ 4.05 ਲੱਖ ਸੈਲਾਨੀ ਪਹੁੰਚੇ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਦੌਰਾਨ ਇਹ ਗਿਣਤੀ 2.69 ਲੱਖ ਸੀ। ਇਹ ਸਾਲਾਨਾ ਆਧਾਰ 'ਤੇ ਇਹ 50.37 ਫੀਸਦੀ ਦਾ ਵਾਧਾ ਹੈ। ਸਾਲ 2025 'ਚ ਕੁੱਲ ਸੈਲਾਨੀਆਂ ਦੀ ਆਮਦ ਸਿਰਫ਼ 3.35 ਲੱਖ ਹੀ ਸੀ। ਖੇਤਰ 'ਚ ਵਿਦੇਸ਼ੀ ਸੈਲਾਨੀਆਂ ਦੀ ਆਵਾਜਾਈ 'ਚ ਵੀ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ।
ਇਸ ਸਾਲ ਜਨਵਰੀ ਤੋਂ ਅਗਸਤ ਵਿਚਾਲੇ ਲੱਦਾਖ 'ਚ 33,346 ਵਿਦੇਸ਼ੀ ਸੈਲਾਨੀ ਆਏ, ਜਦੋਂ ਕਿ 2025 ਦੀ ਸਮਾਨ ਮਿਆਦ 'ਚ ਇਹ ਗਿਣਤੀ 25,082 ਸੀ। ਸਿਰਫ਼ ਅਗਸਤ ਮਹੀਨੇ 'ਚ 2026 'ਚ 74,753 ਸੈਲਾਨੀਆਂ ਨੇ ਲੱਦਾਖ ਦਾ ਦੌਰਾ ਕੀਤਾ, ਜੋ ਪਿਛਲੇ ਸਾਲ ਦੇ ਅਗਸਤ ਮਹੀਨੇ (45,201 ਸੈਲਾਨੀਆਂ) ਦੀ ਤੁਲਨਾ 'ਚ 65.38 ਫੀਸਦੀ ਵੱਧ ਹੈ। ਉੱਪ ਰਾਜਪਾਲ ਸਕਸੈਨਾ ਨੇ ਇਸ ਵਾਧੇ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰੇਲੂ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਦੇ ਦ੍ਰਿਸ਼ਟੀਕੋਣ, ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਕੇਂਦਰ ਸਰਕਾਰ ਦੇ ਲਗਾਤਾਰ ਧਿਆਨ ਅਤੇ ਲੱਦਾਖ ਦੀ ਸੈਰ-ਸਪਾਟਾ-ਅਨੁਕੂਲ ਨੀਤੀ ਢਾਂਚੇ ਨੂੰ ਦਿੱਤਾ।