ਨਵੀਂ ਦਿੱਲੀ : ਕਾਂਗਰਸ ਸੰਸਦੀ ਪਾਰਟੀ ਦੀ ਮੁਖੀ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਆਪਣੇ ਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਜੁੜੀ ਇਕ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ ਗਿਆ ਸੀ ਤਾਂ ਉਹ ਪੂਰੀ ਤਰ੍ਹਾਂ ਇਸ ਦੇ ਵਿਰੋਧ 'ਚ ਸੀ। ਉਨ੍ਹਾਂ ਨੇ 10 ਨਵੰਬਰ ਨੂੰ ਪ੍ਰਕਾਸ਼ਿਤ ਹੋਣ ਵਾਲੀ ਆਪਣੀ ਕਿਤਾਬ, 'ਬੈਲੌਂਗਿੰਗ: ਏ ਜਰਨੀ ਆਫ਼ ਲਵ' ਦਾ ਜ਼ਿਕਰ ਕਰਦੇ ਹੋਏ ਇਹ ਵੀ ਕਿਹਾ ਕਿ ਉਨ੍ਹਾਂ ਬਾਰੇ ਦਹਾਕਿਆਂ ਤੋਂ ਦੂਜੇ ਲੋਕ ਕਹਾਣੀ ਦੱਸਦੇ ਆਏ ਹਨ ਅਤੇ ਹੁਣ ਆਪਣੀ ਕਹਾਣੀ ਕਹਿਣ ਦੀ ਉਨ੍ਹਾਂ ਦੀ ਵਾਰੀ ਹੈ ਅਤੇ ਕਿਤਾਬ ਸਾਹਮਣੇ ਆਉਣ 'ਤੇ ਕੁਝ 'ਤਮਾਸ਼ਾ' ਹੋਣਾ ਤੈਅ ਹੈ।
ਸੋਨੀਆ ਗਾਂਧੀ ਨੇ 'ਐਕਸ' 'ਤੇ ਇਕ ਵੀਡੀਓ ਸਾਂਝਾ ਕੀਤਾ, ਜਿਸ 'ਚ ਉਨ੍ਹਾਂ ਨੇ ਆਪਣੇ ਜੀਵਨ ਅਤੇ ਜਨਤਕ ਜੀਵਨ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਗੱਲ ਕੀਤੀ ਹੈ। ਵੀਡੀਓ 'ਚ ਰਾਜੀਵ ਗਾਂਧੀ ਦਾ ਜ਼ਿਕਰ ਕਰਦੇ ਹੋਏ ਸੋਨੀਆ ਨੇ ਕਿਹਾ,"ਜਦੋਂ ਮੇਰੇ ਪਤੀ ਨੂੰ ਪ੍ਰਧਾਨ ਮੰਤਰੀ ਬਣਨ ਲਈ ਕਿਹਾ ਗਿਆ ਸੀ, ਤਾਂ ਮੈਂ ਇਸ ਦੇ ਪੂਰੀ ਤਰ੍ਹਾਂ ਵਿਰੁੱਧ 'ਚ ਸੀ...।" ਹਾਲਾਂਕਿ, ਉਨ੍ਹਾਂ ਨੇ ਵੀਡੀਓ 'ਚ ਘਟਨਾ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ। ਵੀਡੀਓ 'ਚ ਇਕ ਜਗ੍ਹਾ ਉਹ ਕਹਿੰਦੀ ਹੈ,''ਮੈਨੂੰ ਨਹੀਂ ਪਤਾ ਕਿ ਮੈਨੂੰ ਪੂਰੀ ਕਹਾਣੀ ਦੱਸਣੀ ਚਾਹੀਦੀ ਹੈ ਜਾਂ ਨਹੀਂ।"
ਰਾਜੀਵ ਗਾਂਧੀ ਪਹਿਲੀ ਵਾਰ 31 ਅਕਤੂਬਰ, 1984 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਨੇ ਆਪਣੀ ਮਾਂ ਅਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਸੀ। ਉਸ ਸਮੇਂ ਉਹ 40 ਸਾਲ ਦੇ ਸਨ, ਭਾਰਤ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੇ। ਸੋਨੀਆ ਗਾਂਧੀ ਨੇ 'X' 'ਤੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ,"ਇਸ ਕਿਤਾਬ ਦੇ ਰਿਲੀਜ਼ ਹੋਣ ਨਾਲ ਕੁਝ ਤਮਾਸ਼ਾ ਹੋਣਾ ਤੈਅ ਹੈ। ਆਖ਼ਰਕਾਰ, ਦੂਜੇ ਲੋਕ ਦਹਾਕਿਆਂ ਤੋਂ ਮੇਰੀ 'ਕਹਾਣੀ' ਦੱਸਦੇ ਆਏ ਹਨ; ਹੁਣ ਮੇਰੀ ਵਾਰੀ ਹੈ।" ਉਨ੍ਹਾਂ ਨੇ ਆਪਣੀ ਕਹਾਣੀ ਲਿਖਣ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਉਸ 'ਚੋਂ ਕੁਝ ਪੂਰੀ ਤਰ੍ਹਾਂ ਸਹੀ ਨਹੀਂ ਸੀ।
ਉਨ੍ਹਾਂ ਕਿਹਾ, "ਮੈਨੂੰ ਲੱਗਾ ਕਿ ਕਿਉਂਕਿ ਮੇਰੇ ਬਾਰੇ ਬਹੁਤ ਕੁਝ ਲਿਖਿਆ ਗਿਆ ਸੀ, ਇਸ ਲਈ ਇਸ 'ਚੋਂ ਬਹੁਤ ਕੁਝ ਪੂਰੀ ਤਰ੍ਹਾਂ ਸਹੀ ਨਹੀਂ ਸੀ ਜਾਂ ਮਨਘੜ੍ਹਤ ਸੀ ਅਤੇ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਸੀ। ਇਸ ਲਈ ਮੈਨੂੰ ਲੱਗਾ ਕਿ ਹੁਣ ਮੈਂ ਆਪਣੀ ਕਹਾਣੀ ਲਿਖ ਸਕਦੀ ਹਾਂ ਅਤੇ ਤੱਥਾਂ ਅਤੇ ਚੀਜ਼ਾਂ ਨੂੰ ਉਸੇ ਤਰ੍ਹਾਂ ਦੱਸ ਸਕਦੀ ਹਾਂ ਜਿਵੇਂ ਉਹ ਅਸਲ 'ਚ ਸਨ।" ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਕਿਹਾ ਕਿ ਉਹ ਇਸ ਨੂੰ ਆਪਣੇ 'ਪੱਖ (ਵਰਜਨ)' ਨਹੀਂ ਸਗੋਂ ਆਪਣੀ 'ਕਹਾਣੀ' ਦੱਸਣਾ ਚਾਹੇਗੀ। ਸੋਨੀਆ ਨੇ ਕਿਹਾ,"ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹੁੰਦੇ ਹਨ। ਕੁਝ ਲੋਕਾਂ ਦੀ ਤੁਹਾਡੇ ਬਾਰੇ ਆਪਣੀ ਰਾਏ ਬਦਲ ਸਕਦੀ ਹੈ। ਕੁਝ ਲੋਕਾਂ ਦੀ ਰਾਏ ਹੋਰ ਖਰਾਬ ਹੋ ਸਕਦੀ ਹੈ ਪਰ ਅਜਿਹਾ ਹੀ ਹੁੰਦਾ ਹੈ। ਜਦੋਂ ਤੁਸੀਂ ਕੋਈ ਕਿਤਾਬ ਲਿਖਦੇ ਹੋ ਜਾਂ ਜਨਤਕ ਜੀਵਨ 'ਚ ਹੁੰਦੇ ਹੋ ਤਾਂ ਅਜਿਹਾ ਹੀ ਹੁੰਦਾ ਹੈ।" ਉਨ੍ਹਾਂ ਨੇ ਹਲਕੇ ਅੰਦਾਜ 'ਚ ਕਿਹਾ,''ਕੁਝ ਤਮਾਸ਼ਾ ਤਾਂ ਹੋਣਾ ਹੀ ਹੈ, ਜਿਵੇਂ ਕਿ ਤੁਸੀਂ ਇੱਥੇ ਕਹਿੰਦੇ ਹੋ।''