ਨਵੀਂ ਦਿੱਲੀ : ਮਮਤਾ ਬੈਨਰਜੀ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਨੇ ਸੁਪਰੀਮ ਕੋਰਟ ’ਚ ਇਕ ਕੈਵੀਏਟ ਦਾਇਰ ਕੀਤੀ ਹੈ, ਜਿਸ ’ਚ ਬੇਨਤੀ ਕੀਤੀ ਗਈ ਹੈ ਕਿ ਸਿਆਸੀ ਸਲਾਹਕਾਰ ਫਰਮ ਆਈ-ਪੀ. ਏ. ਸੀ. ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਛਾਪਿਆਂ ਬਾਰੇ ਉਸ ਦਾ ਪੱਖ ਸੁਣੇ ਬਿਨਾਂ ਕੋਈ ਹੁਕਮ ਨਾ ਦਿੱਤਾ ਜਾਵੇ। ਕਰੋੜਾਂ ਰੁਪਏ ਦੇ ਕਥਿਤ ਕੋਲਾ ਚੋਰੀ ਘਪਲੇ ਦੀ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਈ. ਡੀ. ਨੇ ਵੀਰਵਾਰ ਕੋਲਕਾਤਾ ’ਚ ਆਈ-ਪੀ. ਏ. ਸੀ. ਤੇ ਇਸ ਦੇ ਡਾਇਰੈਕਟਰ ਪ੍ਰਤੀਕ ਜੈਨ ਨਾਲ ਜੁੜੇ ਕੰਪਲੈਕਸਾਂ ’ਤੇ ਛਾਪਾ ਮਾਰਿਆ ਸੀ।
ਜਾਂਚ ਏਜੰਸੀ ਅਨੁਸਾਰ ਮਮਤਾ ਬੈਨਰਜੀ ਉਸ ਕੰਪਲੈਕਸ ’ਚ ਦਾਖਲ ਹੋਈ ਜਿੱਥੇ ਤਲਾਸ਼ੀ ਲਈ ਜਾ ਰਹੀ ਸੀ। ਮਮਤਾ ਨੇ ਕਈ ਦਸਤਾਵੇਜ਼ ਤੇ ਇਲੈਕਟ੍ਰਾਨਿਕ ਉਪਕਰਣਾਂ ਸਮੇਤ ਅਹਿਮ ਸਬੂਤ ਖੋਹ ਲਏ। ਮਮਤਾ ਨੇ ਈ. ਡੀ. ’ਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਕੰਮ ਕਰਨ ਦਾ ਦੋਸ਼ ਲਾਇਆ। ਇਸ ਦੌਰਾਨ ਈ. ਡੀ. ਨੇ ਵੀ ਸ਼ੁੱਕਰਵਾਰ ਕਲਕੱਤਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਮਮਤਾ ਵਿਰੁੱਧ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਬੇਨਤੀ ਕੀਤੀ। ਈ. ਡੀ. ਦਾ ਦੋਸ਼ ਹੈ ਕਿ ਜੈਨ ਦੇ ਕੰਪਲੈਕਸ ’ਤੇ ਛਾਪੇ ਦੌਰਾਨ ਮਮਤਾ ਨੇ ਪੁਲਸ ਦੀ ਮਦਦ ਨਾਲ ਏਜੰਸੀ ਤੋਂ ਅਪਰਾਧਿਕ ਦਸਤਾਵੇਜ਼ ਖੋਹ ਲਏ।
ਪੁਲਸ ਨੇ ਈ. ਡੀ. ਦੇ ਅਧਿਕਾਰੀਆਂ ਦੀ ਪਛਾਣ ਕਰਨ ਲਈ ਪ੍ਰਕਿਰਿਆ ਕੀਤੀ ਸ਼ੁਰੂ
ਕੋਲਕਾਤਾ ਪੁਲਸ ਨੇ ਆਈ-ਪੀ. ਏ. ਸੀ. ਦੇ ਮੁਖੀ ਪ੍ਰਤੀਕ ਜੈਨ ਦੇ ਘਰ ਤੇ ਸਲਾਹਕਾਰ ਫਰਮ ਦੇ ਦਫਤਰ ਤੋਂ ਦਸਤਾਵੇਜ਼ਾਂ ਦੀ ਚੋਰੀ ਕਰਨ ਲਈ ਕਥਿਤ ਰੂਪ ’ਚ ਸ਼ਾਮਲ ਈ. ਡੀ. ਦੇ ਅਧਿਕਾਰੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ਨੀਵਾਰ ਸ਼ੁਰੂ ਕਰ ਦਿੱਤੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਸ ਦੋਵਾਂ ਥਾਵਾਂ ’ਤੇ ਮੌਜੂਦ ਕੇਂਦਰੀ ਏਜੰਸੀ ਦੇ ਮੁਲਾਜ਼ਮਾਂ ਦੀ ਪਛਾਣ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ। ਸ਼ੇਕਸਪੀਅਰ ਸਰਨੀ ਪੁਲਸ ਸਟੇਸ਼ਨ ਦੇ ਅਧਿਕਾਰੀ ਸ਼ਨੀਵਾਰ ਸਵੇਰੇ ਜੈਨ ਦੇ ਘਰ ਗਏ ਤੇ ਸੀ. ਸੀ. ਟੀ. ਵੀ. ਫੁਟੇਜ ਤੇ ਡੀ. ਵੀ. ਆਰ. ਦੀ ਰਿਕਾਰਡਿੰਗ ਇਕੱਠੀ ਕੀਤੀ। ਘਰੇਲੂ ਸਟਾਫ ਤੇ ਸੁਰੱਖਿਆ ਮੁਲਾਜ਼ਮਾਂ ਦੇ ਬਿਆਨ ਵੀ ਦਰਜ ਕੀਤੇ ਗਏ। ਪਛਾਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ।