ਸਿਓਲ - ਦੱਖਣੀ ਕੋਰੀਆਈ ਸਿਨੇਮਾ ਦੇ ਦਿੱਗਜ ਅਦਾਕਾਰਾਂ ਵਿੱਚੋਂ ਇੱਕ ਆਨ੍ਹ ਸੰਗ-ਕੀ (Ahn Sung-ki) ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਉਹ 74 ਸਾਲਾਂ ਦੇ ਸਨ। ਸਿਓਲ ਦੇ 'ਸੂਨਚੁਨਹਯਾਂਗ ਯੂਨੀਵਰਸਿਟੀ ਹਸਪਤਾਲ' ਵੱਲੋਂ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਗਈ ਹੈ।
ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਅਦਾਕਾਰ
ਆਨ੍ਹ ਪਿਛਲੇ ਕਈ ਸਾਲਾਂ ਤੋਂ ਬਲੱਡ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਦੱਖਣੀ ਕੋਰੀਆਈ ਸਿਨੇਮਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
6 ਦਹਾਕਿਆਂ ਦਾ ਸ਼ਾਨਦਾਰ ਕਰੀਅਰ
ਆਨ੍ਹ ਦਾ ਫਿਲਮੀ ਸਫ਼ਰ ਲਗਭਗ 6 ਦਹਾਕਿਆਂ (60 ਸਾਲ) ਲੰਬਾ ਰਿਹਾ। ਆਪਣੀ ਸਾਫ਼-ਸੁਥਰੇ ਅਤੇ ਸਕਾਰਾਤਮਕ ਅਕਸ ਕਾਰਨ ਉਨ੍ਹਾਂ ਨੂੰ "ਦਿ ਨੇਸ਼ਨਜ਼ ਐਕਟਰ" (ਦੇਸ਼ ਦਾ ਅਦਾਕਾਰ) ਦੇ ਖਿਤਾਬ ਨਾਲ ਨਿਵਾਜਿਆ ਗਿਆ ਸੀ। ਪਿਛਲੇ ਕਈ ਸਰਵੇਖਣਾਂ ਵਿੱਚ ਵੀ ਉਨ੍ਹਾਂ ਨੂੰ ਦੱਖਣੀ ਕੋਰੀਆ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਅਦਾਕਾਰ ਚੁਣਿਆ ਗਿਆ ਸੀ।
ਪੰਜ ਵਾਰ ਜਿੱਤਿਆ 'ਗ੍ਰੈਂਡ ਬੈੱਲ' ਐਵਾਰਡ
ਉਨ੍ਹਾਂ ਦੀ ਅਦਾਕਾਰੀ ਦਾ ਲੋਹਾ ਨਾ ਸਿਰਫ਼ ਜਨਤਾ ਨੇ, ਸਗੋਂ ਆਲੋਚਕਾਂ ਨੇ ਵੀ ਮੰਨਿਆ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ 20 ਤੋਂ ਵੱਧ ਵੱਡੀਆਂ ਟਰਾਫੀਆਂ ਜਿੱਤੀਆਂ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਸਰਵੋਤਮ ਅਦਾਕਾਰ ਦੀ ਸ਼੍ਰੇਣੀ ਵਿੱਚ ਪੰਜ ਵਾਰ 'ਗ੍ਰੈਂਡ ਬੈੱਲ' (Grand Bell) ਐਵਾਰਡ ਜਿੱਤ ਕੇ ਇੱਕ ਅਜਿਹਾ ਇਤਿਹਾਸ ਰਚਿਆ, ਜਿਸ ਨੂੰ ਅੱਜ ਤੱਕ ਦੱਖਣੀ ਕੋਰੀਆ ਦਾ ਕੋਈ ਹੋਰ ਅਦਾਕਾਰ ਨਹੀਂ ਤੋੜ ਸਕਿਆ।