ਥਿੰਪੂ : ਭੂਟਾਨ ’ਚ ਵੀਰਵਾਰ ਦੇਰ ਰਾਤ ਸ਼ਿੰਤਾਫੂ ਗਲੇਸ਼ੀਅਰ ਝੀਲ ਟੁੱਟਣ ਨਾਲ ਭਾਰੀ ਤਬਾਹੀ ਹੋਈ। ਪਾਣੀ ਦੇ ਤੇਜ਼ ਵਹਾਅ ’ਚ ਇੱਥੋਂ ਦਾ ਮਸ਼ਹੂਰ ਗਰਮ ਪਾਣੀ ਦਾ ਕੁੰਡ ‘ਗਾਸਾ ਤਸਾਚੂ’ ਪੂਰੀ ਤਰ੍ਹਾਂ ਰੁੜ੍ਹ ਗਿਆ। ਪੁਨਾਖਾ-ਗਾਸਾ ਹਾਈਵੇਅ ਦਾ ਇਕ ਹਿੱਸਾ ਵੀ ਟੁੱਟ ਗਿਆ, ਜਿਸ ਨਾਲ ਉਥੇ ਟ੍ਰੈਫਿਕ ਬੰਦ ਕਰਨਾ ਪਿਆ। ਹਾਲਾਂਕਿ ਹੁਣ ਤੱਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ। ਝੀਲ ਤੋਂ ਨਿਕਲੇ ਪਾਣੀ ਕਾਰਨ ਸੰਕੋਸ਼ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ।
ਇਹ ਨਦੀ ਭੂਟਾਨ ਤੋਂ ਨਿਕਲ ਕੇ ਅਸਾਮ ਅਤੇ ਪੱਛਮੀ ਬੰਗਾਲ ਦੀ ਹੱਦ ਵਾਲੇ ਇਲਾਕਿਆਂ ’ਚੋਂ ਲੰਘਦੀ ਹੈ ਅਤੇ ਅੱਗੇ ਬ੍ਰਹਮਪੁੱਤਰ ’ਚ ਮਿਲ ਜਾਂਦੀ ਹੈ। ਇਸ ਨੂੰ ਦੇਖਦੇ ਹੋਏ ਦੋਵਾਂ ਸੂਬਿਆਂ ’ਚ ਅਲਰਟ ਜਾਰੀ ਕੀਤਾ ਗਿਆ ਹੈ। ਪੱਛਮੀ ਬੰਗਾਲ ਦੇ ਅਲੀਪੁਰਦੁਆਰ ’ਚ ਪ੍ਰਸ਼ਾਸਨ ਨੇ 12 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਅਤੇ ਰਾਹਤ ਕੈਂਪਾਂ ’ਚ ਪਹੁੰਚਾਇਆ ਹੈ। ਰਾਤ ਭਰ ਸਾਇਰਨ ਵਜਾ ਕੇ ਲੋਕਾਂ ਨੂੰ ਚੌਕਸ ਕੀਤਾ ਗਿਆ ਅਤੇ ਜਲਦ ਤੋਂ ਜਲਦ ਘਰ ਛੱਡਣ ਲਈ ਕਿਹਾ ਗਿਆ।
ਐੱਨ. ਡੀ. ਆਰ. ਐੱਫ., ਐੱਸ. ਡੀ. ਆਰ. ਐੱਫ. ਅਤੇ ਆਫ਼ਤ ਪ੍ਰਬੰਧਨ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਭੂਟਾਨ ਦੀ ਸ਼ਿੰਤਾਫੂ ਗਲੇਸ਼ੀਅਰ ਝੀਲ ਟੁੱਟਣ ’ਤੇ ਉਸ ’ਚ ਜਮ੍ਹਾ ਪਾਣੀ ਨਦੀਆਂ ਦੇ ਰਸਤੇ ਭਾਰਤ ਪਹੁੰਚ ਸਕਦਾ ਹੈ। ਸਭ ਤੋਂ ਪਹਿਲਾਂ ਇਹ ਪਾਣੀ ਭੂਟਾਨ ਦੀ ਮੋ ਛੂ ਨਦੀ ’ਚ ਆਵੇਗਾ। ਅੱਗੇ ਮੋ ਛੂ ਅਤੇ ਫੋ ਛੂ ਨਦੀਆਂ ਮਿਲ ਕੇ ਪੁਨਾਤਸਾਂਗਛੂ ਨਦੀ ਬਣਾਉਂਦੀਆਂ ਹਨ। ਇਹ ਨਦੀ ਦੱਖਣ ਵੱਲ ਵਗਦੇ ਹੋਏ ਭਾਰਤ ’ਚ ਪ੍ਰਵੇਸ਼ ਕਰਦੀ ਹੈ।