ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵਲੋਂ ਵਿਕਸਿਤ ਸਾਰੀਆਂ ਰਵਾਇਤੀ ਮਿਜ਼ਾਈਲ ਪ੍ਰਣਾਲੀਆਂ ਦੀ ਤਕਨੀਕ ਭਾਰਤੀ ਰੱਖਿਆ ਉਦਯੋਗ ਨੂੰ ਤਬਦੀਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਕਿ ਦੇਸ਼ 'ਚ ਹੀ ਇਨ੍ਹਾਂ ਦਾ ਉਤਪਾਦਨ ਕੀਤਾ ਜਾ ਸਕੇ। ਰੱਖਿਆ ਮੰਤਰਾਲਾ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਇਹ ਕਦਮ ਰੱਖਿਆ ਖੇਤਰ 'ਚ ਘਰੇਲੂ ਉਦਯੋਗਾਂ ਦੀ ਵੱਧ ਹਿੱਸੇਦਾਰੀ ਨੂੰ ਉਤਸ਼ਾਹ ਦੇਣ ਵੱਲ ਇਕ ਮਹੱਤਵਪੂਰਨ ਉਪਲੱਬਧੀ ਹੈ।
ਮੰਤਰਾਲਾ ਨੇ ਕਿਹਾ,''ਇਹ ਵਿਵਸਥਾ ਮਿਜ਼ਾਈਲ ਪ੍ਰਣਾਲੀਆਂ ਦੇ ਵਿਕਾਸ ਤੋਂ ਉਦਯੋਗਿਕ ਉਤਪਾਦਨ ਤੱਕ ਸਫ਼ਲਤਾਪੂਰਵਕ ਪਹੁੰਚਣ 'ਚ ਮਦਦ ਕਰੇਗਾ। ਇਹ ਉੱਨਤ ਰੱਖਿਆ ਪ੍ਰਣਾਲੀਆਂ ਦੇ ਵਿਕਾਸ ਅਤੇ ਨਿਰਮਾਣ 'ਚ ਭਾਰਤੀ ਉਦਯੋਗ ਦੀਆਂ ਸਮਰੱਥਾਵਾਂ ਦਾ ਲਾਭ ਉਠਾਉਣ ਲਈ ਡੀਆਰਡੀਓ ਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ।'' ਮੰਤਰਾਲਾ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਦੇਸ਼ 'ਚ ਨਿਰਮਾਣ ਸਮਰੱਥਾ ਵਧਾਉਣਾ, ਰੱਖਿਆ ਉਦਯੋਗਿਕ ਆਧਾਰ ਨੂੰ ਮਜ਼ਬੂਤ ਕਰਨਾ ਅਤੇ ਭਾਰਤੀ ਐੱਮਐੱਸਐੱਮਈ (ਮਾਈਕ੍ਰੋ, ਛੋਟੇ ਅਤੇ ਦਰਮਿਆਨੇ ਉੱਦਮਾਂ) ਅਤੇ ਹੋਰ ਤਕਨੀਕੀ ਸਾਂਝੇਦਾਰਾਂ ਲਈ ਰੱਖਿਆ ਸਪਲਾਈ ਲੜੀ 'ਚ ਹਿੱਸੇਦਾਰੀ ਦੇ ਮੌਕੇ ਪੈਦਾ ਕਰਨਾ ਹੈ।