ਸਾਲ 2025 ਵਿੱਚ ਬ੍ਰਿਟੇਨ ਨੂੰ ਵੱਡੇ ਪੱਧਰ 'ਤੇ ਹੋ ਕਰੋੜਪਤੀਆਂ ਵੱਲੋਂ ਦੇਸ਼ ਛੱਡੇ ਜਾਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟਾਂ ਅਨੁਸਾਰ, ਸਾਲ 2025 ਦੌਰਾਨ ਲਗਭਗ 16,500 ਕਰੋੜਪਤੀ ਦੇਸ਼ ਛੱਡ ਕੇ ਜਾ ਰਹੇ ਹਨ। ਇਹ ਕਿਸੇ ਵੀ ਦੇਸ਼ ਦੇ ਅਮੀਰਾਂ ਵੱਲੋਂ ਦੇਸ਼ ਛੱਡੇ ਜਾਣ ਦਾ ਸਭ ਤੋਂ ਵੱਡਾ ਅੰਕੜਾ ਹੈ। ਇਨ੍ਹਾਂ ਕਰੋੜਪਤੀਆਂ ਦੇ ਦੇਸ਼ ਛੱਡਣ ਕਾਰਨ ਬ੍ਰਿਟੇਨ ਤੋਂ ਲਗਭਗ 92 ਬਿਲੀਅਨ ਅਮਰੀਕੀ ਡਾਲਰ ਦੀ ਨਿਵੇਸ਼ਯੋਗ ਸੰਪਤੀ ਬਾਹਰ ਚਲੀ ਜਾਵੇਗੀ।
ਮਾਹਿਰਾਂ ਦਾ ਮੰਨਣਾ ਹੈ ਕਿ ਉੱਚ ਟੈਕਸ ਦਰਾਂ (45%), ਆਰਥਿਕ ਅਨਿਸ਼ਚਿਤਤਾ ਅਤੇ 'ਨਾਨ-ਡੋਮ' ਟੈਕਸ ਪ੍ਰਣਾਲੀ ਦਾ ਖਤਮ ਹੋਣਾ ਅਮੀਰਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਰਿਹਾ ਹੈ। ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਇਹ ਅੰਕੜਾ ਬਹੁਤ ਜ਼ਿਆਦਾ ਹੈ। ਤੁਲਨਾਤਮਕ ਤੌਰ 'ਤੇ ਚੀਨ ਵਿੱਚੋਂ 7,800 ਅਤੇ ਭਾਰਤ ਵਿੱਚੋਂ 3,500 ਅਮੀਰਾਂ ਦਾ ਦੇਸ਼ ਛੱਡ ਕੇ ਵਿਦੇਸ਼ ਜਾਣ ਦਾ ਅਨੁਮਾਨ ਹੈ।
ਇਹ ਅਮੀਰ ਲੋਕ ਮੁੱਖ ਤੌਰ 'ਤੇ ਯੂ.ਏ.ਈ., ਅਮਰੀਕਾ, ਇਟਲੀ, ਪੁਰਤਗਾਲ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਜਾ ਕੇ ਵਸ ਰਹੇ ਹਨ। ਅਮੀਰਾਂ ਦੇ ਇਸ ਤਰੀਕੇ ਨਾਲ ਦੇਸ਼ ਛੱਡਣ ਨਾਲ ਬ੍ਰਿਟੇਨ ਸਿਰਫ ਪੈਸਾ ਹੀ ਨਹੀਂ, ਬਲਕਿ ਆਪਣੇ ਦੇਸ਼ ਦੀ ਨਵੀਨਤਾ ਤੇ ਕਾਰੋਬਾਰ ਨੂੰ ਵੀ ਗੁਆ ਰਿਹਾ ਹੈ। ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਜੇਕਰ ਬ੍ਰਿਟੇਨ ਨੇ ਆਪਣੀ ਰਣਨੀਤੀ ਨਾ ਬਦਲੀ, ਤਾਂ ਇਸ ਨਾਲ ਲੰਬੇ ਸਮੇਂ ਦਾ ਆਰਥਿਕ ਨੁਕਸਾਨ ਹੋ ਸਕਦਾ ਹੈ।