ਪੈਰਿਸ ਦੇ ਐਲਿਸੀ ਪੈਲੇਸ ’ਚ ਰਾਜਦੂਤਾਂ ਦੀ ਕਾਨਫਰੰਸ ’ਚ ਬੋਲਦੇ ਹੋਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ‘ਸਹਿਯੋਗੀਆਂ ਤੋਂ ਮੂੰਹ ਮੋੜਨ’ ਲਈ ਅਮਰੀਕਾ ਦੀ ਆਲੋਚਨਾ ਕੀਤੀ। ਉਨ੍ਹਾਂ ਗਲੋਬਲ ਪਾਰਟਨਰਜ਼ ਦਰਮਿਆਨ ਰਣਨੀਤਕ ਖੁਦਮੁਖਤਿਆਰੀ ਦੀ ਲੋੜ ’ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਬ੍ਰਿਕਸ ਅਤੇ ਜੀ-7 ਵਿਚਕਾਰ ਪੁਲ ਬਣਾਉਣ ’ਚ ਭਾਰਤ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਉਨ੍ਹਾਂ ਅਫਰੀਕਾ ’ਚ ਨਿਵੇਸ਼ ਵਧਾਉਣ ਲਈ ਜਰਮਨ ਨੇਤਾ ਫ੍ਰੈਡਰਿਕ ਮਰਜ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨੈਰੋਬੀ ’ਚ ਸੱਦਾ ਦਿੱਤਾ ਅਤੇ ਕਿਹਾ ਕਿ ਭਾਰਤ, ਇੰਡੋਨੇਸ਼ੀਆ ਅਤੇ ਆਸਟ੍ਰੇਲੀਆ ਵਰਗੇ ਦੇਸ਼ ਵੱਡੀਆਂ ਸ਼ਕਤੀਆਂ ਦੇ ‘ਜਾਗੀਰਦਾਰ’ ਨਹੀਂ ਬਣਨਾ ਚਾਹੁੰਦੇ। ਮੈਕਰੋਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਉਹ ਅਗਲੇ ਮਹੀਨੇ ਭਾਰਤ ਆਉਣਗੇ।
ਉਨ੍ਹਾਂ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਯੂਰਪੀਅਨ ਯੂਨੀਅਨ ਦੇ ਨੇਤਾ, ਅੰਤਰਰਾਸ਼ਟਰੀ ਕਾਨੂੰਨ ਨੂੰ ਬਣਾਈ ਰੱਖਣ ਅਤੇ ਯੂਕ੍ਰੇਨ ਤੇ ਉਸ ਤੋਂ ਅੱਗੇ ਅਮਰੀਕਾ ਨੂੰ ਇਕ ਮਹੱਤਵਪੂਰਨ ਆਰਥਿਕ ਭਾਗੀਦਾਰ ਅਤੇ ਰੱਖਿਆ ਸਹਿਯੋਗੀ ਵਜੋਂ ਬਣਾਈ ਰੱਖਣ ਵਿਚਕਾਰ ਫਸੇ ਹੋਏ ਹਨ ਅਤੇ ਵਾਸ਼ਿੰਗਟਨ ਦੀ ਕਾਰਵਾਈ ’ਤੇ ਇਕ ਤਾਲਮੇਲ ਵਾਲੀ ਪ੍ਰਤੀਕਿਰਿਆ ਬਣਾਉਣ ਲਈ ਸੰਘਰਸ਼ ਕਰ ਰਹੇ ਹਨ।