ਸ੍ਰੀ ਅਨੰਦਪੁਰ ਸਾਹਿਬ/ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਜਥੇਦਾਰ ਨੇ ਆਖਿਆ ਹੈ ਕਿ ਜੇ ਮੁੱਖ ਮੰਤਰੀ ਸਾਬਤ ਸਰੂਤ ਹੋਵੇ ਤਾਂ ਮੈਂ ਉਸ ਨੂੰ ਜਵਾਬ ਦੇਵਾਂ, ਜਿਸ ਬੰਦੇ ਦੇ ਨਾ ਦਾਹੜੀ ਹੈ ਨਾ ਕੇਸ, ਉਸ ਵਿਅਕਤੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਕੀ ਜਵਾਬ ਦੇਵੇਗਾ। ਜਥੇਦਾਰ ਨੇ ਕਿਹਾ ਕਿ ਖਾਲਸਾ ਪੰਥ ਦੇ ਸਾਹਮਣੇ ਜਥੇਦਾਰ ਹਜ਼ਾਰ ਵਾਰ ਝੁਕੇਗਾ ਪਰ ਸਰਕਾਰਾਂ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਖਾਲਸਾ ਪੰਥ ਇਸੇ ਜਗ੍ਹਾ 'ਤੇ ਸ਼ਤਾਬਦੀ ਮਨਾਏਗਾ।
ਜਥੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਇਹ ਨਹੀਂ ਸੀ ਕਿਹਾ ਕਿ ਸਰਕਾਰਾਂ ਗੁਰਮਤਿ ਸਮਾਗਮਾਂ ਵਿਚ ਨਾ ਆਉਣ, ਗੁਰੂ ਘਰ ਦੇ ਸਮਾਗਮਾਂ ਵਿਚ ਕੋਈ ਵੀ ਆ ਸਕਦਾ ਹੈ ਪਰ ਜਿਹੜੇ ਕੰਮ ਪੰਥ ਦੇ ਹਨ, ਉਹ ਪੰਥ ਹੀ ਕਰੇਗਾ, ਜਿਸ ਵਿਚ ਸਹਿਯੋਗ ਕਰਨਾ ਚਾਹੀਦਾ ਹੈ। ਲਿਹਾਜ਼ਾ ਇਸ ਤਰ੍ਹਾਂ ਦੇ ਵਿਅਕਤੀ ਨੂੰ ਜਵਾਬ ਦੇਣ ਦੀ ਲੋੜ ਹੀ ਨਹੀਂ ਹੈ। ਗੜਗੱਜ ਨੇ ਕਿਹਾ ਕਿ ਸਾਡੀ ਇਕੋ ਸਰਕਾਰ ਹੈ ਉਹ ਹੈ ਪੰਥ ਦੇ ਵਾਲੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਇਹੋ ਜਿਹੀਆਂ ਸਰਕਾਰਾਂ ਦੀ ਨਾ ਕਦੇ ਪਹਿਲਾਂ ਪ੍ਰਵਾਹ ਸੀ ਅਤੇ ਨਾ ਹੀ ਬਾਅਦ ਵਿਚ ਹੈ।