ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆਰਥੀਆਂ ਅਤੇ ਆਮ ਜਨਤਾ ਲਈ ਸਰਟੀਫਿਕੇਟ ਸਬੰਧੀ ਸੇਵਾਵਾਂ ਨੂੰ ਹੋਰ ਸੁਖਾਲਾ, ਪਾਰਦਰਸ਼ੀ ਅਤੇ ਬਿਨੈਕਾਰ-ਪੱਖੀ ਬਣਾਉਣ ਲਈ ਸਰਟੀਫਿਕੇਟਾਂ 'ਚ ਦਰਜ ਵੇਰਵਿਆਂ ਦੀ ਸੋਧ ਸਬੰਧੀ ਆਨਲਾਈਨ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਪਹਿਲ ਕਦਮੀ ਤਹਿਤ ਬਿਨੈਕਾਰ ਹੁਣ ਘਰ ਬੈਠੇ ਹੀ ਸਰਟੀਫਿਕੇਟ 'ਚ ਦਰਜ ਨਾਮ, ਪਿਤਾ/ਮਾਤਾ ਦਾ ਨਾਮ, ਜਨਮ ਮਿਤੀ ਆਦਿ 'ਚ ਸੋਧ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਣਗੇ। ਪਹਿਲਾਂ ਸਰਟੀਫਿਕੇਟ 'ਚ ਦਰਜ ਵੇਰਵਿਆਂ 'ਚ ਸੋਧ ਕਰਵਾਉਣ ਲਈ ਬਿਨੈਕਾਰਾਂ ਨੂੰ ਲੋੜੀਂਦੇ ਸਹਾਇਕ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਅਤੇ ਕੇਸ ਜਮ੍ਹਾਂ ਕਰਵਾਉਣ ਲਈ ਬੋਰਡ ਦੇ ਖੇਤਰੀ ਦਫ਼ਤਰਾਂ ਜਾਂ ਮੁੱਖ ਦਫ਼ਤਰ ਵਿਖੇ ਨਿੱਜੀ ਤੌਰ ’ਤੇ ਪਹੁੰਚ ਕਰਨੀ ਪੈਂਦੀ ਸੀ। ਇਸ ਤੋਂ ਇਲਾਵਾ ਆਪਣੇ ਕੇਸ ਦੀ ਪ੍ਰਗਤੀ ਜਾਂ ਸਥਿਤੀ ਜਾਣਨ ਲਈ ਵੀ ਬਿਨੈਕਾਰਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਲਗਾਉਣੇ ਪੈਂਦੇ ਸਨ। ਇਸ ਕਾਰਨ ਬਿਨੈਕਾਰਾਂ ਦਾ ਸਮਾਂ ਅਤੇ ਆਵਾਜਾਈ ਦਾ ਖ਼ਰਚ ਵੀ ਹੁੰਦਾ ਸੀ, ਖ਼ਾਸ ਕਰਕੇ ਦੂਰ-ਦੁਰਾਡੇ ਇਲਾਕਿਆਂ 'ਚ ਰਹਿੰਦੇ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧੇਰੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ।
ਡਾ. ਅਮਰਪਾਲ ਸਿੰਘ (ਆਈ. ਏ. ਐੱਸ. ਰਿਟਾ.) ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਸਰਕਾਰੀ ਸੇਵਾਵਾਂ ਨਿਰਧਾਰਿਤ ਸਮੇਂ ਅੰਦਰ ਮੁਹੱਈਆ ਕਰਵਾਉਣ ਲਈ ਲਾਗੂ ਪੰਜਾਬ ਟਰਾਂਸਪੇਰੈਂਸੀ ਐਂਡ ਅਕਾਊਂਟਿਬਿਲਟੀ ਇਨ ਡਿਲੀਵਰੀ ਆਫ ਪਬਲਿਕ ਸਰਵਿਸ ਐਕਟ ਅਧੀਨ ਬੋਰਡ ਵੱਲੋਂ ਸਰਟੀਫਿਕੇਟ 'ਚ ਸੋਧਾਂ ਸਬੰਧੀ ਸੇਵਾਵਾਂ ਨੂੰ ਡਿਜੀਟਲ ਕਰਨ ਦਾ ਇਹ ਉਪਰਾਲਾ ਕੀਤਾ ਗਿਆ ਹੈ। ਪਹਿਲਾਂ ਨਿਰਧਾਰਿਤ ਪ੍ਰਕਿਰਿਆ ਅਧੀਨ ਅਜਿਹੇ ਕੇਸਾਂ ਨੂੰ ਨਿਪਟਾਉਣ ਲਈ 45 ਦਿਨਾਂ ਤੱਕ ਦਾ ਸਮਾਂ ਲੱਗ ਸਕਦਾ ਸੀ, ਹੁਣ 21 ਦਿਨਾਂ ਦੇ ਅੰਦਰ ਸੋਧ ਉਪਰੰਤ ਸਰਟੀਫਿਕੇਟ ੳਮੀਦਵਾਰ ਨੂੰ ਮਿਲ ਜਾਵੇਗਾ। ਇਸ ਸਬੰਧੀ ਬੋਰਡ ਵੱਲੋਂ certificate.pseb.ac.in ਨਾਂ ਦਾ ਨਵਾਂ ਆਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਪੋਰਟਲ ’ਤੇ ਹਰੇਕ ਸੇਵਾ ਲਈ ਲੋੜੀਂਦੇ ਦਸਤਾਵੇਜ਼ਾਂ, ਸ਼ਰਤਾਂ ਅਤੇ ਅਰਜ਼ੀ ਜਮ੍ਹਾਂ ਕਰਵਾਉਣ ਸਬੰਧੀ ਹਦਾਇਤਾਂ ਉਪਲੱਬਧ ਕਰਵਾਈਆਂ ਗਈਆਂ ਹਨ। ਬਿਨੈਕਾਰ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਹੀ ਲੋੜੀਂਦੀ ਜਾਣਕਾਰੀ ਮਿਲ ਜਾਵੇਗੀ, ਜਿਸ ਨਾਲ ਅਧੂਰੀਆਂ ਅਰਜ਼ੀਆਂ ਅਤੇ ਦਸਤਾਵੇਜ਼ਾਂ ਦੀ ਕਮੀ ਕਾਰਨ ਹੋਣ ਵਾਲੀ ਦੇਰੀ ਨੂੰ ਘਟਾਉਣ 'ਚਮਦਦ ਮਿਲੇਗੀ।
ਨਵੇਂ ਪੋਰਟਲ ਰਾਹੀਂ ਬਿਨੈਕਾਰ ਨੂੰ ਸੇਵਾ ਪ੍ਰਾਪਤ ਕਰਨ ਲਈ ਬੋਰਡ ਦੇ ਦਫ਼ਤਰ ਆਉਣ ਦੀ ਲੋੜ ਨਹੀਂ ਰਹੇਗੀ। ਬਿਨੈਕਾਰ ਘਰ ਬੈਠੇ ਪੋਰਟਲ ’ਤੇ ਆਪਣੀ ਅਰਜ਼ੀ ਭਰ ਕੇ ਲੋੜੀਂਦੇ ਸਹਾਇਕ ਦਸਤਾਵੇਜ਼ ਅਪਲੋਡ ਕਰ ਸਕੇਗਾ ਅਤੇ ਆਨਲਾਈਨ ਫ਼ੀਸ ਵੀ ਜਮ੍ਹਾਂ ਕਰਵਾ ਸਕੇਗਾ। ਇਸ ਨਵੀਂ ਪ੍ਰਣਾਲੀ ਰਾਹੀਂ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਲੈ ਕੇ ਕੇਸ ਦੀ ਸਥਿਤੀ ਜਾਣਨ ਤੱਕ ਦੀ ਸੇਵਾ ਘਰ ਬੈਠੇ ਪ੍ਰਾਪਤ ਕੀਤੀ ਜਾ ਸਕੇਗੀ ਅਤੇ ਬਿਨੈਕਾਰ ਨੂੰ ਆਪਣੇ ਕੇਸ ਦੀ ਸਥਿੱਤੀ ਸਬੰਧੀ ਜਾਣਕਾਰੀ ਲਈ ਬੋਰਡ ਦੇ ਦਫ਼ਤਰਾਂ 'ਚ ਨਿੱਜੀ ਤੌਰ ’ਤੇ ਪਹੁੰਚ ਕਰਨ ਦੀ ਲੋੜ ਨਹੀਂ ਰਹੇਗੀ। ਆਨਲਾਈਨ ਪ੍ਰਣਾਲੀ ਨਾਲ ਸਰਟੀਫਿਕੇਟ ਸੋਧ ਸਬੰਧੀ ਕੇਸਾਂ ਦੀ ਪ੍ਰਕਿਰਿਆ 'ਚ ਪਾਰਦਰਸ਼ਤਾ ਅਤੇ ਜਵਾਬਦੇਹੀ ਵੀ ਨਿਸ਼ਚਿਤ ਹੋਵੇਗੀ। ਬਿਨੈਕਾਰ ਨੂੰ ਇਸ ਨਾਲ ਅਣ-ਅਧਿਕਾਰਤ ਵਿਚੋਲਿਆਂ ਜਾਂ ਏਜੰਟਾਂ ਦੇ ਚੁੰਗਲ 'ਚ ਫਸਣਾ ਨਹੀਂ ਪਵੇਗਾ। ਬੋਰਡ ਵੱਲੋਂ ਬਿਨੈਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਰਟੀਫਿਕੇਟ ਸਬੰਧੀ ਸੋਧ ਜਾਂ ਹੋਰ ਉਪਲੱਬਧ ਸੇਵਾਵਾਂ ਲਈ ਸਿਰਫ਼ ਅਧਿਕਾਰਤ ਆਨਲਾਈਨ ਪੋਰਟਲ ਦੀ ਵਰਤੋਂ ਹੀ ਕੀਤੀ ਜਾਵੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੀ ਗਈ ਇਹ ਪਹਿਲ ਨਾਗਰਿਕ-ਕੇਂਦਰਿਤ ਡਿਜੀਟਲ ਸੇਵਾਵਾਂ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ। ਇਸ ਨਾਲ ਸਰਟੀਫਿਕੇਟ ਸਬੰਧੀ ਸੇਵਾਵਾਂ ਨੂੰ ਹੋਰ ਸਰਲ, ਸੁਵਿਧਾਜਨਕ, ਸਮਾਂਬੱਧ ਅਤੇ ਪਾਰਦਰਸ਼ੀ ਬਣਾਉਣ ਦੇ ਨਾਲ-ਨਾਲ ਬਿਨੈਕਾਰਾਂ ਨੂੰ ਘਰ ਬੈਠੇ ਸੇਵਾ ਪ੍ਰਾਪਤ ਕਰਨ ਦੀ ਸਹੂਲਤ ਮਿਲੇਗੀ।