ਅੰਮ੍ਰਿਤਸਰ : ਖ਼ਤਰਨਾਕ ਗੈਂਗਸਟਰ ਹਰਜਿੰਦਰ ਸਿੰਘ ਉਰਫ ਹੈਰੀ ਪੰਜਾਬ ਪੁਲਸ ਨੇ ਐਨਕਾਊਂਟਰ ਵਿਚ ਢੇਰ ਹੋ ਗਿਆ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਐਨਕਾਊਂਟਰ ਵਿਚ ਜ਼ਖਮੀ ਹੋਏ ਹਰਜਿੰਦਰ ਸਿੰਘ ਹੈਰੀ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਹੈਰੀ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ, ਜਿਸਦਾ ਨਾਮ ਸੰਨੀ ਦੱਸਿਆ ਜਾ ਰਿਹਾ ਹੈ ਤੇ ਉਹ ਅਟਾਰੀ ਦਾ ਰਹਿਣ ਵਾਲਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮ੍ਰਿਤਕ ਹਰਜਿੰਦਰ ਸਿੰਘ ਉਰਫ ਹੈਰੀ (32) 'ਤੇ ਪੰਜ ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਬਾਹਰ ਬੈਠੇ ਗੈਂਗਸਟਰਾਂ ਅਤੇ ਆਈਐੱਸਆਈ ਨਾਲ ਵੀ ਸੰਬੰਧ ਸਨ। ਮੁਲਜ਼ਮਾਂ ਵੱਲੋਂ ਪਾਕਿਸਤਾਨ ਡਰੋਨ ਰਾਹੀਂ ਹਥਿਆਰਾਂ ਦੀ ਖ਼ੇਪ ਮੰਗਵਾਈ ਜਾਂਦੀ ਸੀ, ਇਨ੍ਹਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ।
ਮੁਲਜ਼ਮ ਦੇ ਪੁਰਾਣੇ ਗੈਂਗ ਅਤੇ ਵਿਦੇਸ਼ੀ ਕਾਂਟੈਕਟ ਹੋਏ ਬੇਨਕਾਬ
ਪੁਲਸ ਅਨੁਸਾਰ ਇਹ ਮੁਲਜ਼ਮ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਸਿੱਧਾ ਪੁਰਾਣੇ ਗੈਂਗ ਮੈਂਬਰਾਂ ਅਤੇ ਅਪਰਾਧਕ ਲੋਕਾਂ ਨਾਲ ਸੰਪਰਕ ਕਰਦਾ ਸੀ। ਜਾਂਚ ਦੌਰਾਨ ਇਸਦੀ ਪਿਛਲੀ ਸਾਰੀਆਂ ਲੋਕੇਸ਼ਨ ਡਿਟੇਲਾਂ, ਕਾਲ ਰਿਕਾਰਡ ਅਤੇ ਮੀਟਿੰਗ ਪੁਆਇੰਟਸ ਦੀ ਵਿਸਤ੍ਰਿਤ ਤਸਦੀਕ ਕੀਤੀ ਜਾ ਰਹੀ ਹੈ।
ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਹਰਜਿੰਦਰ ਸਿੰਘ ਉਰਫ ਹੈਰੀ ਜੋ ਕਿ ਜੱਜ ਨਗਰ ਮੋਹਕਮਪੁਰੇ ਦਾ ਰਹਿਣ ਵਾਲਾ ਸੀ। ਉਹ ਵੱਖ-ਵੱਖ ਮਾਮਲਿਆਂ ਵਿਚ ਜੇਲ੍ਹ ਗਿਆ ਸੀ ਜਿਨ੍ਹਾਂ ਵਿਚ ਕੁਝ ਪਠਾਨਕੋਟ ਦੇ ਜਦਕਿ ਕੁਝ ਅੰਮ੍ਰਿਤਸਰ ਕਮਿਸ਼ਨਰੇਟ ਦੇ ਕੇਸ ਹਨ। ਫਿਲ਼ਹਾਲ ਪੁਲਸ ਨੇ ਪੰਜ ਗੰਭੀਰ ਮੁਕੱਦਮਿਆਂ ਦੀ ਫਾਈਲ ਖੋਲ੍ਹ ਕੇ ਇਸਦੇ ਪੁਰਾਣੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਦੀ ਆਈਡੀ ਦੇ ਸਕੈਨ ਤੋਂ ਬਾਅਦ ਕਈ ਨਵੇਂ ਤੱਥ ਮਿਲੇ ਹਨ, ਜੋ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦਾ ਇੱਕ ਸਾਥੀ ਜੋ ਕਿ ਇਸ ਦੇ ਮੋਟਰਸਾਈਕਲ ਦੇ ਪਿੱਛੇ ਬੈਠਿਆ ਸੀ ਜਿਸ ਦਾ ਨਾਂ ਸੰਨੀ ਜੋ ਕਿ ਅਟਾਰੀ ਦਾ ਰਹਿਣ ਵਾਲਾ ਹੈ ਉਹ ਭੱਜਣ ਵਿਚ ਕਾਮਯਾਬ ਹੋ ਗਿਆ ਉਸ ਨੂੰ ਫੜਨ ਲਈ ਵੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹਨ।