ਚੰਡੀਗੜ੍ਹ : ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ’ਚ ਵਿਗੜੀ ਕਾਨੂੰਨ ਵਿਵਸਥਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਚਿੰਤਾਜਨਕ ਗਿਰਾਵਟ ਲਈ ਨੈਤਿਕ ਤੇ ਸੰਵਿਧਾਨਕ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ। ਪਿਛਲੇ ਸਿਰਫ ਤਿੰਨ ਦਿਨਾਂ ’ਚ ਸੂਬਾ ਤਿੰਨ ਵੱਡੇ ਹੱਤਿਆਕਾਂਡਾਂ ਨਾਲ ਦਹਿਲ ਗਿਆ ਹੈ, ਜੋ ਆਮ ਅਪਰਾਧ ਨਹੀਂ ਸਗੋਂ ਸੰਗਠਿਤ ਅਪਰਾਧ ਦੇ ਮਾਹੌਲ ਨੂੰ ਦਰਸਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਡਰ ਤੇ ਅਨਿਸ਼ਚਿਤਤਾ ਵੱਲ ਧੱਕਿਆ ਜਾ ਰਿਹਾ ਹੈ। ਅਪਰਾਧੀ ਅਨਸਰ ਪੂਰੀ ਛੋਟ ਨਾਲ ਕੰਮ ਕਰ ਰਹੇ ਹਨ, ਜਦ ਕਿ ਸਰਕਾਰ ਕਾਨੂੰਨ ਦਾ ਰਾਜ ਕਾਇਮ ਕਰਨ ’ਚ ਨਾਕਾਮ ਰਹੀ ਹੈ। ਉਨ੍ਹਾਂ ਨੇ ਮਾਣੂਕੇ ’ਚ ਕਬੱਡੀ ਖਿਡਾਰੀ ਦੀ ਦਿਨ-ਦਿਹਾੜੇ ਹੋਈ ਹੱਤਿਆ ਦਾ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲਾਵਰ ਇੰਨੇ ਬੇਖ਼ੌਫ਼ ਸਨ ਕਿ ਉਹ ਪੀੜਤ ਦੇ ਘਰ ਤੱਕ ਗੱਡੀ ਚਲਾ ਕੇ ਗਏ ਤੇ ਪਰਿਵਾਰ ਨੂੰ ਕਤਲ ਦੀ ਸੂਚਨਾ ਦੇ ਕੇ ਲਾਸ਼ ਲੈ ਜਾਣ ਲਈ ਕਿਹਾ। ਇਹ ਪੁਲਸ ਦੇ ਡਰ ਦੇ ਖ਼ਤਮ ਹੋ ਜਾਣ ਦਾ ਸਪੱਸ਼ਟ ਸਬੂਤ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ’ਚ ਵੀ ‘ਆਪ’ ਨਾਲ ਸਬੰਧਤ ਇਕ ਸਰਪੰਚ ਨੂੰ ਵਿਆਹ ਸਮਾਰੋਹ ਅੰਦਰ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਇਸ ਘਟਨਾ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਵਲੋਂ ਕੀਤੇ ਜਾਣ ਵਾਲੇ ਜਨਤਕ ਇਕੱਠ ਵੀ ਹੁਣ ਸੁਰੱਖਿਅਤ ਨਹੀਂ ਰਹੇ। ਉਨ੍ਹਾਂ ਮੋਗਾ ਜ਼ਿਲ੍ਹੇ ਦੇ ਭਿੰਡਰ ਕਲਾਂ ’ਚ ਨੌਜਵਾਨ ਕਾਂਗਰਸੀ ਆਗੂ ਉਮਰਸੀਰ ਸਿੰਘ ਉਰਫ਼ ਸ਼ੀਰਾ ਭਿੰਡਰ ਦੀ ਹੱਤਿਆ ਦਾ ਵੀ ਹਵਾਲਾ ਦਿੱਤਾ, ਜਿਨ੍ਹਾਂ ਨੇ ਬਲਾਕ ਸੰਮਤੀ ਚੋਣਾਂ ’ਚ ‘ਆਪ’ ਉਮੀਦਵਾਰ ਦੀ ਹਾਰ ਯਕੀਨੀ ਬਣਾਉਣ ਤੋਂ ਬਾਅਦ ਕਥਿਤ ਤੌਰ ’ਤੇ ਧਮਕੀਆਂ ਦਾ ਸਾਹਮਣਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਹ ਰੋਜ਼ਮੱਰਾ ਦੀ ਹਿੰਸਾ ਨਹੀਂ ਸਗੋਂ ਇਹ ਖੁੱਲ੍ਹਾ ਅੱਤਵਾਦ ਹੈ। ਗੈਂਗਸਟਰ ਆਪਣੇ ਆਪ ਨੂੰ ਇਸ ਲਈ ਨਿਡਰ ਮਹਿਸੂਸ ਕਰ ਰਹੇ ਹਨ, ਕਿਉਂਕਿ ਰਾਜ ਨੇ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਹੈ, ਨਾਜਾਇਜ਼ ਹਥਿਆਰਾਂ ਦੇ ਪ੍ਰਸਾਰ ਨੂੰ ਰੋਕਿਆ ਨਹੀਂ, ਪੁਲਸ ਪ੍ਰਣਾਲੀ ’ਤੇ ਲੋਕਾਂ ਦਾ ਭਰੋਸਾ ਕਾਇਮ ਕਰਨ ’ਚ ਅਸਫਲ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੰਜਾਬ ਹੌਲੀ-ਹੌਲੀ ਉਸ ਗੈਂਗਲੈਂਡ ਰਾਜ ਵੱਲ ਫਿਸਲ ਰਿਹਾ ਹੈ, ਜਿੱਥੇ ਸੰਗਠਿਤ ਅਪਰਾਧ ਅਤੇ ਨਸ਼ਾ-ਹਥਿਆਰ ਗੱਠਜੋੜ ਬੇਰੋਕ-ਟੋਕ ਫਲ-ਫੁੱਲ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਸੁਧਾਰ ਸਬੰਧੀ ਕੀਤੇ ਦਾਅਵੇ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ। ਸਰਕਾਰ ਪੰਜਾਬ ਦੇ ਲੋਕਾਂ ਦੀ ਰੱਖਿਆ ਕਰਨ ’ਚ ਅਯੋਗ ਸਾਬਤ ਹੋਈ ਹੈ। ਉਸ ਦੀ ਨਾਕਾਮੀ ਦਿਨੋ-ਦਿਨ ਹੋ ਰਹੇ ਖ਼ੂਨ-ਖ਼ਰਾਬੇ ਅਤੇ ਬੇਗੁਨਾਹ ਜਾਨਾਂ ਦੇ ਨੁਕਸਾਨ ’ਚ ਦਿਖਾਈ ਦੇ ਰਹੀ ਹੈ। ਜ਼ਿੰਮੇਵਾਰੀ ਨੂੰ ਹੁਣ ਹੋਰ ਟਾਲਿਆ ਨਹੀਂ ਜਾ ਸਕਦਾ। ਨੈਤਿਕ ਜ਼ਿੰਮੇਵਾਰੀ ਇਹੀ ਕਹਿੰਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਰੰਤ ਅਸਤੀਫ਼ਾ ਦੇਣ, ਕਿਉਂਕਿ ਉਹ ਪੰਜਾਬ ਦੇ ਨਾਗਰਿਕਾਂ ਦੇ ਜੀਵਨ ਤੇ ਸੁਰੱਖਿਆ ਦੀ ਹਿਫ਼ਾਜ਼ਤ ਕਰਨ ’ਚ ਨਾਕਾਮ ਰਹੇ ਹਨ।