ਚੰਡੀਗੜ੍ਹ : ਪੰਜਾਬ 'ਚ ਐੱਸ. ਆਈ. ਆਰ. ਦੇ ਮਾਮਲੇ ਸਬੰਧੀ ਅੱਜ ਇੱਥੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਐੱਸ. ਆਈ. ਆਰ. ਨੂੰ ਲੈ ਕੇ ਸਾਰੇ ਫ਼ੈਸਲੇ ਚੋਣ ਕਮਿਸ਼ਨ ਵਲੋਂ ਲਏ ਜਾਂਦੇ ਹਨ ਪਰ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਐੱਸ. ਆਈ. ਆਰ. ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ, ਜੋ ਕਿ ਲੋਕਾਂ ਨੂੰ ਭੰਬਲਭੂਸੇ 'ਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਨੂੰ ਸਹੀ ਅਤੇ ਪਾਰਦਰਸ਼ੀ ਬਣਾਉਣ ਲਈ ਐੱਸ. ਆਈ. ਆਰ. (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਮੁਹਿੰਮ ਚਲਾਈ ਗਈ ਹੈ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਚਲਾਈ ਜਾ ਰਹੀ ਉਕਤ ਮੁਹਿੰਮ ਬਹੁਤ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਸਪੱਸ਼ਟ ਬਿਆਨ ਦਿੱਤਾ ਗਿਆ ਹੈ ਕਿ ਐੱਸ. ਆਈ. ਆਰ. ਸਮੇਤ ਮੁੱਖ ਫ਼ੈਸਲੇ ਪੂਰੇ ਚੋਣ ਕਮਿਸ਼ਨ ਦੀ ਸਹਿਮਤੀ ਨਾਲ ਲਏ ਜਾਂਦੇ ਹਨ। ਇਸ ਮਾਮਲੇ 'ਚ ਵਿਰੋਧੀ ਧਿਰਾਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੇ ਮੁੱਦੇ ਨੂੰ ਸਿਆਸੀ ਅਤੇ ਅਫ਼ਵਾਹਾਂ ਦਾ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਦੋਂ ਚੋਣਾਂ ਹੁੰਦੀਆਂ ਹਨ ਅਤੇ ਨਤੀਜੇ ਵਿਰੋਧੀ ਧਿਰਾਂ ਦੇ ਮੁਤਾਬਕ ਨਹੀਂ ਆਉਂਦੇ ਤਾਂ ਕਦੇ ਉਹ ਚੋਣ ਕਮਿਸ਼ਨ 'ਤੇ ਸਵਾਲ ਚੁੱਕਦੇ ਹਨ ਅਤੇ ਕਦੇ ਈ. ਵੀ. ਐੱਮ. ਮਸ਼ੀਨਾਂ 'ਤੇ ਅਤੇ ਇਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਗੱਲ ਨਹੀਂ ਹੁੰਦੀ।
ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਸਿਆਸੀ ਮਤਭੇਦ ਦਾ ਪੂਰਾ ਹੱਕ ਹੈ ਪਰ ਸੰਵਿਧਾਨਿਕ ਸੰਸਥਾਵਾਂ ਬਾਰੇ ਗੱਲਾਂ ਕਰਦੇ ਸਮੇਂ ਤੱਥਾਂ ਅਤੇ ਸਬੂਤਾਂ ਦੀ ਜ਼ਰੂਰ ਪਾਲਣਾ ਹੋਣੀ ਚਾਹੀਦੀ ਹੈ। ਜੇਕਰ ਕਿਸੇ ਨੂੰ ਚੋਣ ਪ੍ਰਕਿਰਿਆ 'ਤੇ ਇਤਰਾਜ਼ ਹੈ ਤਾਂ ਉਹ ਆਪਣੇ ਤੱਥ ਸਾਹਮਣੇ ਰੱਖ ਸਕਦਾ ਹੈ ਪਰ ਲੋਕਾਂ ਸਾਹਮਣੇ ਬਿਨਾਂ ਤੱਥਾਂ ਤੋਂ ਗੱਲ ਕਰਨਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਰਗੀ ਸੰਵਿਧਾਨਿਕ ਸੰਸਥਾ 'ਤੇ ਸਵਾਲ ਚੁੱਕਣ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਉਹ ਅਫ਼ਵਾਹਾਂ ਅਤੇ ਤੱਥਾਂ 'ਚ ਫ਼ਰਕ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸਾਡੀ ਅਪੀਲ ਸਿਰਫ ਇੰਨੀ ਹੈ ਕਿ ਵੋਟਰ ਸੂਚੀ ਸਹੀ ਹੋਣੀ ਚਾਹੀਦੀ ਹੈ ਅਤੇ ਹਰ ਯੋਗ ਨਾਗਰਿਕ ਦਾ ਨਾਮ ਦਰਜ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਚੋਣ ਪ੍ਰਕਿਰਿਆ 'ਤੇ ਲੋਕਾਂ ਦਾ ਭਰੋਸਾ ਕਾਇਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀ 'ਚ ਸੋਧ ਹੋਣੀ ਬੇਹੱਦ ਜ਼ਰੂਰੀ ਹੈ।