ਪਟਿਆਲਾ : ਪੰਜਾਬ ਵਿਚ ਪਿਛਲੇ ਲੰਮੇ ਸਮੇਂ ਤੋਂ ਆਊਟ ਸੋਰਸਸ ਮੀਟਰ ਰੀਡਰਾਂ ਦੀ ਚੱਲ ਹੀ ਹੜਤਾਲ ਨੇ ਘਰੇਲੂ ਖਪਤਕਾਰਾਂ ਨੂੰ ਵੱਡੀ ਸਮੱਸਿਆ ਵਿਚ ਪਾ ਦਿੱਤਾ ਹੈ। ਮੀਟਰਾਂ ਦੀ ਰੀਡਿੰਗ ਨਾ ਹੋਣ ਕਾਰਣ ਖਪਤਕਾਰਾਂ ਨੂੰ ਪਿਛਲੇ 4-5 ਮਹੀਨਿਆਂ ਦੇ ਇਕੱਠੇ ਅਤੇ ਮੋਟੇ-ਮੋਟੇ ਬਿੱਲ ਮਿਲ ਰਹੇ ਹਨ। ਜਿਸ ਕਰਾਣ ਖਪਤਕਾਰਾਂ ਸਾਹਮਣੇ ਵੱਡੀ ਸਮੱਸਿਆ ਆ ਖੜ੍ਹੀ ਹੋਈ ਹੈ। ਕੁਝ ਖਪਤਕਾਰਾਂ ਦਾ ਬਿੱਲ ਤਾਂ ਲੱਖਾਂ ਰੁਪਏ ਵਿਚ ਆ ਗਏ ਹਨ। ਪਟਿਆਲਾ ਸਥਿਤ ਸੀਨੀਅਰ ਸਟੀਜ਼ਨ ਵੈਲਫੇਅਰ ਸੁਸਾਇਟੀ ਨੇ ਪੀ. ਐੱਸ. ਪੀ. ਸੀ. ਐੱਲ. ਦੇ ਸੀ. ਐੱਮ. ਡੀ ਬਸੰਤ ਗਰਗ ਨੂੰ ਇਸ ਸੰਬੰਧੀ ਪੱਤਰ ਵੀ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਗਰਗ ਨੂੰ ਜਾਣੂ ਕਰਵਾਇਆ ਕਿ 10 ਕਿੱਲੋਵਾਟ ਤੋਂ ਵੱਧ ਲੋਡ ਵਾਲੇ ਖਪਤਕਾਰਾਂ ਨੂੰ 6-7 ਮਹੀਨਿਆਂ ਦੇ ਇਕੱਠੇ ਬਿੱਲ ਭੇਜੇ ਗਏ ਹਨ, ਜੋ ਕਿ ਬਹੁਤ ਜ਼ਿਆਦਾ ਹਨ।
ਦੂਜੇ ਪਾਸੇ ਪੀ. ਸੀ. ਐੱਸ. ਪੀ. ਐੱਲ. ਨੇ ਆਖਿਆ ਹੈ ਕਿ ਇਹ ਦਿੱਕਤ 2000 ਆਊਟਸੋਰਸਡ ਮੀਟਰ ਰੀਡਰਾਂ ਦੀ ਹੜਤਾਲ ਤੇ ਤਕਨੀਕੀ ਖਰਾਬੀ ਕਾਰਣ ਆ ਰਹੀ ਹੈ। ਮੀਟਰ ਰੀਡਰ ਪੰਜਾਬ ਸਰਕਾਰ ਤੋਂ ਪੱਕਿਆਂ ਹੋਣ ਦੀ ਮੰਗ ਕਰ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਮਈ-ਜੂਨ ਦੀ ਬੀਲਿੰਗ ਪ੍ਰਕਿਰਿਆ ਦੌਰਾਨ 9.6 ਲੱਖ ਨਾਨ ਸਮਾਰਟ ਮੀਟਰ ਖਪਤਕਾਰਾਂ ਨੂੰ ਅੰਦਾਜ਼ਨ ਐਨ-ਕੋਡ ਬਿੱਲ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਤਕਨੀਕੀ ਸਮੱਸਿਆ ਕਾਰਣ 92,643 ਸਮਾਰਟ ਮੀਟਰ ਖਪਤਕਾਰਾਂ ਨੂੰ ਵੀ ਅੰਦਾਜ਼ਨ ਬਿੱਲ ਭੇਜੇ ਗਏ ਹਨ। ਪੀ. ਸੀ. ਐੱਸ. ਪੀ. ਐੱਲ. ਮੁਤਾਬਕ ਅੰਦਾਜ਼ਨ ਬਿੱਲ ਪ੍ਰਾਪਤ ਕਰਨ ਵਾਲੇ 9.6 ਲੱਖ ਖਪਤਕਾਰਾਂ ਵਿਚੋਂ ਲਗਭਗ 6 ਲੱਖ ਖਪਤਕਾਰ ਜ਼ੀਰੋ ਬਿੱਲ ਸ਼੍ਰੇਣੀ ਵਾਲੇ ਸਨ।
ਇਸ ਤੋਂ ਇਲਾਵਾ 22,000 ਨਾਨ ਸਮਾਰਟ ਮੀਟਰ ਖਪਤਕਾਰਾਂ ਨੂੰ 1000 ਤੋਂ 5000 ਰੁਪਏ ਤੱਕ ਅੰਦਾਜ਼ਨ ਬਿੱਲ ਭੇਜੇ ਗਏ ਹਨ। ਦੂਜੇ ਪਾਸੇ ਬਿਜਲੀ ਖਪਤਕਾਰਾਂ ਦਾ ਆਖਣਾ ਹੈ ਕਿ ਅੰਦਾਜ਼ਨ ਬਿੱਲ ਭੇਜਣ ਦੀ ਪ੍ਰਕਿਰਿਆ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਘਰੇਲੂ ਖਪਤਕਾਰਾਂ ਨੂੰ ਵੱਡਾ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਮੀਟਰ ਦੀ ਅਸਲ ਰੀਡਿੰਗ ਦੇ ਆਧਾਰ 'ਤੇ ਖਪਤਕਾਰਾਂ ਨੂੰ ਬਿੱਲ ਜਾਰੀ ਕਰਨ।