ਸ਼ਹੀਦ ਭਗਤ ਸਿੰਘ ਨਗਰ (ਮਨੋਰੰਜਨ ਕਾਲੀਆ) : ਸ੍ਰੀ ਗੁਲਪ੍ਰੀਤ ਸਿੰਘ ਔਲਖ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਜ਼ਿਲ੍ਹਾ ਲਾਇਬ੍ਰੇਰੀ ਬਾਰਾਂ ਦਰੀ ਬਾਗ਼ ਨਵਾਂਸ਼ਹਿਰ ਲਈ ਦੀਦਾਰ ਸਿੰਘ ਸ਼ੇਤਰਾ ਵਲੋਂ ਸ੍ਰੀ ਜੇ ਬੀ ਗੋਇਲ ਰਚਿਤ ਪੁਸਤਕ ਸਾਹਿਤ ਸੰਜੀਵਨੀ ਸੰਪਾਦਿਤ ਪੁਸਤਕ ਸਾਡਾ ਨਵਾਂਸ਼ਹਿਰ ਅਤੇ ਜਸਵੰਤ ਸਿੰਘ ਕੰਵਲ ਦੇ ਸਾ਼ਹਕਾਰ ਨਾਵਲਾਂ ਦਾ ਸੈੱਟ ਅਤੇ ਹੋਰ ਪੁਸਤਕਾਂ ਭੇਟ ਕੀਤੀਆਂ ਗਈਆਂ। ਸ੍ਰੀ ਔਲਖ ਨੇ ਦੀਦਾਰ ਸਿੰਘ ਸ਼ੇਤਰਾ ਵਲੋਂ ਕਿਤਾਬਾਂ ਦਾ ਲੰਗਰ ਪ੍ਰੋਜੈਕਟ ਦੀ ਪ੍ਰਸੰਸਾ ਕੀਤੀ।ਇਸ ਮੌਕੇ ਉਹਨਾਂ ਸਾਡਾ ਨਵਾਂਸ਼ਹਿਰ ਦਾ ਨਵਾਂ ਸੰਸਕਰਨ ਪੰਜਾਬੀ ਅਤੇ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕਰਨ ਲਈ ਵੀ ਕਿਹਾ। ਸ੍ਰੀ ਦੀਦਾਰ ਸਿੰਘ ਸ਼ੇਤਰਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਹੁਣ ਤੱਕ ਸਾਹਿਤ ਸੰਜੀਵਨੀ ਅਤੇ ਜਸਵੰਤ ਸਿੰਘ ਕੰਵਲ ਦੇ ਸ਼ਾਹਕਾਰ ਨਾਵਲਾਂ ਅਤੇ ਦੂਸਰੇ ਲੇਖਕਾਂ ਦੀਆਂ ਇਕ ਲੱਖ ਰੁਪਏ ਤੋਂ ਵਧ ਮੁਲ ਦੀਆਂ ਪੁਸਤਕਾਂ ਸਾਹਿਤ ਪ੍ਰੇਮੀਆਂ ਸਕੂਲਾਂ ਦੀਆਂ ਲਾਇਬਰੇਰੀਆਂ ਲਈ ਵੰਡੀਆਂ ਜਾ ਚੁਕੀਆਂ ਹਨ। ਉਹਨਾਂ ਡੀ ਸੀ ਸਾਹਿਬ ਨੂੰ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਅਗਲੇ ਦਿਨਾਂ ਵਿਚ " ਸਾਡਾ ਨਵਾਂਸ਼ਹਿਰ" ਦਾ ਸੋਧਿਆ ਹੋਇਆ ਰੂਪ ਅੱਜ ਦੀਆਂ ਜਿ਼ਲ੍ਹੇ ਨੂੰ ਪ੍ਰਾਪਤ ਅਧੁਨਿਕ ਸਹੂਲਤਾਂ ਭਰਪੂਰ ਜਾਣਕਾਰੀ ਸਹਿਤ ਪੁਸਤਕ ਪੰਜਾਬੀ ਅਤੇ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕਰਨ ਹਿੱਤ ਕੰਮ ਅਰੰਭ ਕਰ ਦਿਤਾ ਜਾਵੇਗਾ।ਇਸ ਮੌਕੇ ਅਦਬੀ ਮਹਿਕ ਦੇ ਸੰਪਾਦਕ ਸਤ ਪਾਲ ਸਾਹਲੋਂ ਅਤੇ ਮੈਡਮ ਅਨੂਪ ਰਾਣੀ ਲਾਇਬ੍ਰੇਰੀਅਨ ਜਿ਼ਲ੍ਹਾ ਲਾਇਬ੍ਰੇਰੀ ਬਾਰਾਂ ਦਰੀ ਬਾਗ਼ ਵੀ ਹਾਜ਼ਰ ਸਨ।