ਪ੍ਰੀਤ ਪੱਤੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਮਾਈਨਿੰਗ ਵਿਭਾਗ ਦੀ ਟੀਮ—ਜੇ.ਈ.-ਕਮ-ਮਾਈਨਿੰਗ ਇੰਸਪੈਕਟਰ ਸ਼ੁਭਮ ਸਿੰਗਲਾ ਅਤੇ ਪੰਕਜ ਜਿੰਦਲ—ਵੱਲੋਂ ਇੱਕ ਸ਼ਿਕਾਇਤ ਮਿਲਣ ਉਪਰੰਤ ਬਲਾਕ ਮਾਜਰੀ ਦੇ ਪਿੰਡ ਸੈਣੀ ਮਾਜਰਾ ਵਿਖੇ ਮੌਕਾ ਮੁਆਇਨਾ ਕੀਤਾ ਗਿਆ।
ਜਾਂਚ ਦੌਰਾਨ ਦੋ ਥਾਵਾਂ ’ਤੇ ਵੱਡੇ ਪੱਧਰ ’ਤੇ ਨਜਾਇਜ਼ ਮਿੱਟੀ ਨਿਕਾਸੀ ਦਾ ਪਤਾ ਲੱਗਾ। ਜੀ ਪੀ ਐਸ ਕੋਆਰਡੀਨੇਟ 30.894987, 76.628732 ’ਤੇ ਲਗਭਗ 1,00,800 ਘਣ ਫੁੱਟ ਮਿੱਟੀ ਦੀ ਗੈਰਕਾਨੂੰਨੀ ਖੁਦਾਈ ਦਰਜ ਕੀਤੀ ਗਈ, ਜਦਕਿ ਜੀ ਪੀ ਐਸ ਕੋਆਰਡੀਨੇਟ 30.895558, 76.628704 ’ਤੇ ਹੋਰ 1,06,920 ਘਣ ਫੁੱਟ ਨਜਾਇਜ਼ ਨਿਕਾਸੀ ਦੀ ਪੁਸ਼ਟੀ ਹੋਈ।
ਮੌਕੇ ’ਤੇ ਮਿਲੇ ਸਬੂਤਾਂ ਦੇ ਆਧਾਰ ’ਤੇ ਮਾਈਨਿੰਗ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਸਤਨਾਮ ਸਿੰਘ ਪੁੱਤਰ ਉਜਾਗਰ ਸਿੰਘ ਨਿਵਾਸੀ ਪਿੰਡ ਖਿਜ਼ਰਾਬਾਦ ਵਿਰੁੱਧ ਐੱਫ ਆਈ ਆਰ ਦਰਜ ਕਰਵਾਈ। ਗੈਰਕਾਨੂੰਨੀ ਮਾਈਨਿੰਗ ਵਿੱਚ ਵਰਤੀ ਜਾ ਰਹੀ ਇੱਕ ਪੋਕਲੇਨ ਮਸ਼ੀਨ ਅਤੇ ਇੱਕ ਟਿੱਪਰ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਇਹ ਮਾਮਲਾ ਐੱਫ ਆਈ ਆਰ ਨੰਬਰ 0116 ਮਿਤੀ 17/11/2025 ਥਾਣਾ ਬਲਾਕ ਮਾਜਰੀ ਵਿੱਚ ਰਜਿਸਟਰ ਕੀਤਾ ਗਿਆ।
ਵਿਭਾਗੀ ਅਧਿਕਾਰੀਆਂ ਨੇ ਕਿਹਾ ਕਿ ਗੈਰਕਾਨੂੰਨੀ ਮਾਈਨਿੰਗ ਉਪਰ ਸਖ਼ਤ ਰੋਕ ਲਗਾਉਣ ਅਤੇ ਇਨ੍ਹਾਂ ਗਤੀਵਿਧੀਆਂ ਨੂੰ ਭਵਿੱਖ ਵਿੱਚ ਰੋਕਣ ਲਈ ਇਹ ਤੁਰੰਤ ਕਾਰਵਾਈ ਕੀਤੀ ਗਈ ਹੈ।
ਇਸ ਤੋਂ ਇਲਾਵਾ, ਉਕਤ ਥਾਵਾਂ ’ਤੇ ਗੈਰਕਾਨੂੰਨੀ ਨਿਕਾਸੀ ਸਬੰਧੀ ਆਰ-ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਜ਼ਰੂਰੀ ਨਿਸ਼ਾਨਦੇਹੀ ਅਤੇ ਅੱਗੇ ਦੀ ਕਾਰਵਾਈ ਲਈ ਸੰਬੰਧਿਤ ਰੈਵਿਨਿਊ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ।